ਇਰਾਨ ਜੰਗ ਕਾਰਨ ਤੇਲ 25 ਫੀਸਦ ਮਹਿੰਗਾ, ਸੋਨਾ ਹੋਇਆ ਸਸਤਾ

ਇਰਾਨ ਜੰਗ ਕਾਰਨ ਤੇਲ 25 ਫੀਸਦ ਮਹਿੰਗਾ, ਸੋਨਾ ਹੋਇਆ ਸਸਤਾ

ਤੇਲ ਦੀਆਂ ਕੀਮਤਾਂ ਵਿੱਚ ਲਗਪਗ 25 ਫੀਸਦ ਦਾ ਵੱਡਾ ਉਛਾਲ ਆਇਆ, ਜੋ 2022 ਦੇ ਅੱਧ ਤੋਂ ਬਾਅਦ ਸਭ ਤੋਂ ਵੱਧ ਹੈ। ਇਰਾਨ ਦੀ ਜੰਗ ਵਧਣ ਕਾਰਨ ਦੁਨੀਆ ਵਿੱਚ ਊਰਜਾ ਦੀ ਸਪਲਾਈ ਘਟ ਗਈ ਹੈ, ਜਿਸ ਨਾਲ ਬ੍ਰੈਂਟ ਕਰੂਡ (Brent) ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਦਰਜ ਕਰਨ ਦੇ ਰਾਹ ‘ਤੇ ਹੈ।

ਦੂਜੇ ਪਾਸੇ, ਕੁਝ ਹੋਰ ਅਹਿਮ ਬਦਲਾਅ ਵੀ ਦੇਖਣ ਨੂੰ ਮਿਲੇ ਹਨ। ਸੋਨੇ ਦੀ ਕੀਮਤ ਦੋ ਫੀਸਦ ਡਿੱਗ ਗਈ ਹੈ। ਡਾਲਰ ਮਜ਼ਬੂਤ ਹੋਣ ਕਾਰਨ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਘਟ ਗਈਆਂ ਹਨ। ਖੇਤੀਬਾੜੀ ਬਜ਼ਾਰ ਵਿੱਚ ਵੀ ਤੇਲ ਦੀਆਂ ਕੀਮਤਾਂ ਵਧਣ ਕਰਕੇ ਖਾਣ ਵਾਲੇ ਤੇਲਾਂ ਦੇ ਭਾਅ ਵੀ ਵਧ ਗਏ ਹਨ, ਕਿਉਂਕਿ ਬਾਇਓਫਿਊਲ ਬਣਾਉਣ ਲਈ ਵੈਜੀਟੇਬਲ ਆਇਲ ਦੀ ਬਹੁਤ ਵਰਤੋਂ ਹੁੰਦੀ ਹੈ। ਧਾਤਾਂ ਸਪਲਾਈ ਦੀ ਚਿੰਤਾ ਕਾਰਨ ਐਲੂਮੀਨੀਅਮ ਦੀਆਂ ਕੀਮਤਾਂ ਵਧੀਆਂ ਹਨ, ਪਰ ਡਾਲਰ ਮਜ਼ਬੂਤ ਹੋਣ ਕਾਰਨ ਬਾਕੀ ਧਾਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ ਅਗਲਾ ਸ਼ਾਸਕ ਐਲਾਨ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਹਰਾਨ ਨੇ ਪੂਰੇ ਮੱਧ ਪੂਰਬ ਵਿੱਚ ਆਪਣੇ ਹਮਲਿਆਂ ਦਾ ਦਾਇਰਾ ਵਧਾ ਦਿੱਤਾ ਹੈ, ਜਿਸ ਵਿੱਚ ਖਾੜੀ ਦੇਸ਼ਾਂ ਦੇ ਮਹੱਤਵਪੂਰਨ ਤੇਲ ਅਤੇ ਪਾਣੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਹੇਠ ਚੱਲ ਰਹੀ ਇਰਾਨੀ ਹਕੂਮਤ ਦੀ ‘ਅਸੈਂਬਲੀ ਆਫ ਐਕਸਪਰਟਸ’ ਨੇ ਇਸ 56 ਸਾਲਾ ਧਾਰਮਿਕ ਆਗੂ ਨੂੰ ਚੁਣਿਆ ਹੈ, ਜਿਸ ਦੇ ਦੇਸ਼ ਦੀ ਪੈਰਾ-ਮਿਲਟਰੀ ਰੈਵੋਲਿਊਸ਼ਨਰੀ ਗਾਰਡ ਨਾਲ ਬਹੁਤ ਗੂੜ੍ਹੇ ਸਬੰਧ ਹਨ।

ਰੈਵੋਲਿਊਸ਼ਨਰੀ ਗਾਰਡ ਵੱਲੋਂ ਇਜ਼ਰਾਈਲ ਅਤੇ ਖਾੜੀ ਅਰਬ ਦੇਸ਼ਾਂ ’ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲੇ 28 ਫਰਵਰੀ ਨੂੰ ਜੰਗ ਦੀ ਸ਼ੁਰੂਆਤ ਦੌਰਾਨ ਮੁਜਤਬਾ ਦੇ ਪਿਤਾ, ਆਇਤੁੱਲਾ ਅਲੀ ਖ਼ਮੇਨੇਈ ਦੀ ਮੌਤ ਤੋਂ ਬਾਅਦ ਤੇਜ਼ ਹੋ ਗਏ ਹਨ।

ਨਵੀਂ ਲੀਡਰਸ਼ਿਪ ਦੇ ਆਉਣ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ, ਕਿਉਂਕਿ ਇਰਾਨ ਹੁਣ ਸਿੱਧੇ ਤੌਰ ’ਤੇ ਗੁਆਂਢੀ ਦੇਸ਼ਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ।

Share: