ਚੰਡੀਗੜ੍ਹ: ਸਹਿਜਧਾਰੀ ਸਿੱਖਾਂ ਨੇ 2027 ਵਿੱਚ ਹੋਣ ਵਾਲੀ ਕੌਮੀਂ ਜਨਗਣਨਾ ਵਿੱਚ ਆਪਣੇ ਆਪ ਨੂੰ ਇੱਕ ‘ਵੱਖਰੀ ਸ਼੍ਰੇਣੀ’ ਜਾਂ ਉਪ-ਸ਼੍ਰੇਣੀ ਵਜੋਂ ਸ਼ਾਮਲ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਸਹਿਜਧਾਰੀ ਸਿੱਖ ਪਾਰਟੀ (ਐਸ.ਐਸ.ਪੀ.) ਦੇ ਕੌਮੀਂ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਅਧਿਕਾਰਤ ਪੱਤਰ ਭੇਜਿਆ ਹੈ।
ਡਾ. ਰਾਣੂ ਅਨੁਸਾਰ, ਕਰੋੜਾਂ ਸਹਿਜਧਾਰੀ ਸਿੱਖ, ਜੋ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਪਰ ਕੇਸਧਾਰੀ ਸਰੂਪ ਵਿੱਚ ਨਹੀਂ ਹਨ, ਲਗਾਤਾਰ ਹਾਸ਼ੀਏ ’ਤੇ ਧੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਵਿੱਚ ਹਾਲੀਆ ਸੋਧਾਂ ਕਾਰਨ ਸਹਿਜਧਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ’ਤੇ ਸੰਕਟ ਖੜ੍ਹਾ ਹੋ ਗਿਆ ਹੈ।
ਡਾ. ਰਾਣੂ ਨੇ ਦਾਅਵਾ ਕੀਤਾ ਕਿ ਜੇਕਰ ਜਨਗਣਨਾ ਵਿੱਚ ਸਹਿਜਧਾਰੀ ਸਿੱਖਾਂ ਨੂੰ ਮਾਨਤਾ ਮਿਲਦੀ ਹੈ, ਤਾਂ ਉਹ ਸੰਵਿਧਾਨ ਦੇ ਤਹਿਤ ਹੋਰ ਘੱਟ ਗਿਣਤੀ ਸਮੂਹਾਂ ਵਾਂਗ ਸਮਾਜਿਕ ਲਾਭ, ਵਜ਼ੀਫ਼ੇ ਅਤੇ ਵਿਦਿਅਕ ਸੁਰੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ 1.75 ਕਰੋੜ ਸਿੱਖਾਂ ਵਿੱਚੋਂ ਸਿਰਫ਼ 45 ਲੱਖ ਅੰਮ੍ਰਿਤਧਾਰੀ ਹਨ, ਜਦੋਂਕਿ ਲਗਭਗ 1.3 ਕਰੋੜ ਸਹਿਜਧਾਰੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਐਸ.ਜੀ.ਪੀ.ਸੀ. ਵਰਗੀਆਂ ਸੰਸਥਾਵਾਂ ਵਿੱਚ ਇਸ ਵੱਡੀ ਗਿਣਤੀ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਤਾਂ ਇਹ ਸੰਸਥਾਵਾਂ ਆਪਣੀ ਵਿਆਪਕ ਨੁਮਾਇੰਦਗੀ ਗੁਆ ਦੇਣਗੀਆਂ। ਪਾਰਟੀ ਨੇ ਕਰਨਾਟਕ ਦੇ ਲਿੰਗਾਇਤ ਭਾਈਚਾਰੇ ਦੀ ਮਿਸਾਲ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਬਚਾਉਣ ਲਈ ਵੱਖਰਾ ਦਰਜਾ ਦਿੱਤਾ ਜਾਵੇ।

