ਜੰਮੂ ਕਸ਼ਮੀਰ: ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਕਿਸ਼ਤਵਾੜ ’ਚ ਕਾਰਵਾਈ ਮੁੜ ਸ਼ੁਰੂ

ਜੰਮੂ ਕਸ਼ਮੀਰ: ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਕਿਸ਼ਤਵਾੜ ’ਚ ਕਾਰਵਾਈ ਮੁੜ ਸ਼ੁਰੂ

ਜੰਮੂ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉੱਪਰਲੇ ਹਿੱਸਿਆਂ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸੁਰੱਖਿਆ ਬਲਾਂ ਵੱਲੋਂ ਵਿੱਢੀ ਤਲਾਸ਼ੀ ਮੁਹਿੰਮ ਰਾਤ ਭਰ ਰੁਕਣ ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤੀ ਗਈ। ਇਹ ਆਪ੍ਰੇਸ਼ਨ ਐਤਵਾਰ ਨੂੰ ਚਤਰੂ ਪੱਟੀ ਦੇ ਮੰਡਰਾਲ-ਸਿੰਘਪੁਰਾ ਨੇੜੇ ਸੋਨਾਰ ਪਿੰਡ ਵਿੱਚ ਸ਼ੁਰੂ ਕੀਤਾ ਗਿਆ ਸੀ। ਦਹਿਸ਼ਤਗਰਦਾਂ ਵੱਲੋਂ ਕੀਤੇ ਗ੍ਰਨੇਡ ਹਮਲੇ ਵਿਚ ਸੁਰੱਖਿਆ ਬਲਾਂ ਦੇ ਅੱਠ ਜਵਾਨ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੰਘਣੇ ਘਾਹ ਫੂਸ ਤੇ ਦਰਖ਼ਤਾਂ ਅਤੇ ਢਲਾਣਾਂ ਵਾਲੇ ਚੁਣੌਤੀਪੂਰਨ ਇਲਾਕੇ ਵਿੱਚ ਐਤਵਾਰ ਦੇਰ ਰਾਤ ਨੂੰ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਅਤੇ ਸੂਹੀਆ ਕੁੱਤਿਆਂ ਦੀ ਸਹਾਇਤਾ ਨਾਲ ਫੌਜ, ਪੁਲੀਸ ਅਤੇ ਨੀਮ ਫੌਜੀ ਬਲਾਂ ਦੀਆਂ ਕਈ ਟੀਮਾਂ ਇਲਾਕੇ ਦੀ ਤਲਾਸ਼ੀ ਲੈ ਰਹੀਆਂ ਹਨ। ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸਖ਼ਤ ਸੁਰੱਖਿਆ ਘੇਰਾ ਪਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜੇ ਦੋ ਤੋਂ ਤਿੰਨ ਦਹਿਸ਼ਤਗਰਦਾਂ ਦਾ ਇੱਕ ਸਮੂਹ ਇਲਾਕੇ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦਿਨ ਦੀ ਪਹਿਲੀ ਰੌਸ਼ਨੀ ਵਿੱਚ ਮੁੜ ਸ਼ੁਰੂ ਹੋਈ ਅਤੇ ਆਖਰੀ ਰਿਪੋਰਟਾਂ ਮਿਲਣ ਤੱਕ ਜਾਰੀ ਸੀ।

Share: