ਸਵਿਸ ਐਲਪਸ ਬਾਰ ’ਚ ਅੱਗ ਲੱਗਣ ਕਾਰਨ 40 ਮੌਤਾਂ

ਸਵਿਸ ਐਲਪਸ ਬਾਰ ’ਚ ਅੱਗ ਲੱਗਣ ਕਾਰਨ 40 ਮੌਤਾਂ

ਕਰੈਂਸ-ਮੌਂਟਾਨਾ (ਸਵਿਟਜ਼ਰਲੈਂਡ):  ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਸ ਐਲਪਸ ਦੇ ਬਾਰ ਵਿੱਚ ਅੱਗ ਲੱਗਣ ਕਾਰਨ 40 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ 115 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ‘ਲੀ ਕੰਸਟੈਲੇਸ਼ਨ’ ਨਾਮ ਦੇ ਬਾਰ ਵਿੱਚ ਲੱਗੀ ਇਹ ਅੱਗ ਤੜਕੇ 1.30 ਵਜੇ ਲੱਗੀ। ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇਕ ਹਾਦਸਾ ਜਾਪਦਾ ਹੈ। ਸਰਕਾਰੀ ਅਧਿਕਾਰੀ ਬੀਕਟਰਿਸ ਪਿਲੌਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਇਸ ਵੇਲੇ ਅਸੀਂ ਇਸ ਨੂੰ ਅੱਗ ਲੱਗਣ ਦੀ ਘਟਨਾ ਮੰਨ ਰਹੇ ਹਾਂ, ਨਾ ਕਿ ਕੋਈ ਹਮਲਾ।’’ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਸਹਾਇਤਾ ਲਈ ਹੈਲੀਕਾਪਟਰ ਅਤੇ ਐਂਬੂਲੈਂਸ ਮੌਕੇ ’ਤੇ ਭੇਜੇ ਗਏ, ਪੀੜਤਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕ ਸ਼ਾਮਲ ਹਨ। ਖੇਤਰੀ ਕੌਂਸਲਰ ਮੈਥਿਆਸ ਰੇਨਾਰਡ ਅਨੁਸਾਰ, ਖੇਤਰੀ ਹਸਪਤਾਲ ਦੇ ਆਈ ਸੀ ਯੂ ਅਤੇ ਅਪਰੇਸ਼ਨ ਥੀਏਟਰ ਭਰ ਗਏ। ਸੈਲਾਨੀਆਂ ਨਾਲ ਭਰੇ ਇਸ ਖੇਤਰ ਵਿੱਚ ਲੋਕ ਪਹਾੜਾਂ ’ਤੇ ਸਕੀਇੰਗ ਦਾ ਆਨੰਦ ਮਾਨਣ ਆਉਂਦੇ ਹਨ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਕਿਸੇ ਹੋਰ ਹਾਦਸੇ ਤੋਂ ਬਚਿਆ ਜਾ ਸਕੇ, ਕਿਉਂਕਿ ਇਲਾਕੇ ਦਾ ਮੈਡੀਕਲ ਸਟਾਫ ਅਤੇ ਹਸਪਤਾਲ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਅ ਹੇਠ ਹਨ।

ਨਗਰ ਪਾਲਿਕਾ ਦੀ ਵੈੱਬਸਾਈਟ ਅਨੁਸਾਰ, 10000 ਦੀ ਆਬਾਦੀ ਵਾਲੇ ਕਰੈਂਸ ਮੌਂਟਾਨਾ ਦਾ ਸਭ ਤੋਂ ਉੱਚਾ ਪੁਆਇੰਟ ਲਗਪਗ 3000 ਮੀਟਰ (1.86 ਮੀਲ) ਦੀ ਉਚਾਈ ’ਤੇ ਹੈ। ਵੈੱਬਸਾਈਟ ਇਹ ਵੀ ਦੱਸਦੀ ਹੈ ਕਿ ਅਧਿਕਾਰੀ ਹੁਣ ਸਿਰਫ਼ ਸੈਰ-ਸਪਾਟਾ ਸੱਭਿਆਚਾਰ ਤੱਕ ਸੀਮਿਤ ਰਹਿਣ ਦੀ ਬਜਾਏ ਹਾਈ-ਟੈਕ ਖੋਜ ਅਤੇ ਵਿਕਾਸ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Share: