ਅੰਮ੍ਰਿਤਸਰ : ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਜੰਡਿਆਲਾ ਗੁਰੂ ਵਿੱਚ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਮਹਿਲਾ ਦਾ ਪਰਸ ਖੋਹਣ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਨੂੰ ਦਸ-ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਅਦਾਲਤ ਨੇ ਦੋਸ਼ੀਆਂ ਨੂੰ ਪ੍ਰੋਬੇਸ਼ਨ ਦਾ ਲਾਭ ਦੇਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕੀਤਾ ਕਿ ਝਪਟ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸਮਾਜ ਵਿੱਚ ਸਖ਼ਤ ਸੰਦੇਸ਼ ਦੇਣਾ ਜ਼ਰੂਰੀ ਹੈ। ਇਸਤਗਾਸਾ ਪੱਖ ਅਨੁਸਾਰ ਇਹ ਘਟਨਾ 11 ਫਰਵਰੀ 2024 ਨੂੰ ਵਾਪਰੀ ਸੀ, ਜਦੋਂ ਮਨਜੀਤ ਕੌਰ ਆਪਣੇ ਪੁੱਤਰ ਹੀਰਾ ਸਿੰਘ ਨਾਲ ਜੰਡਿਆਲਾ ਗੁਰੂ ਵਿੱਚ ਜੈਨ ਮੰਦਰ ਨੇੜੇ ਪੈਦਲ ਜਾ ਰਹੀ ਸੀ। ਇਸ ਦੌਰਾਨ ਜਾਅਲੀ ਨੰਬਰ ਪਲੇਟ ਵਾਲੇ ਐਕਟਿਵਾ ਸਕੂਟਰ ’ਤੇ ਸਵਾਰ ਦੋਵਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਿਰਚ ਦਿਖਾ ਕੇ ਮਨਜੀਤ ਕੌਰ ਦਾ ਪਰਸ ਖੋਹ ਲਿਆ। ਪੁਲੀਸ ਨੇ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਕਿਰਚ ਤੇ ਚੋਰੀ ਦੀ ਸਕੂਟਰ ਵੀ ਬਰਾਮਦ ਕੀਤੀ। ਖੋਹਿਆ ਆਈਫੋਨ ਤੀਜੇ ਸਹਿ-ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ ਕੋਲੋਂ ਬਰਾਮਦ ਹੋਇਆ ਸੀ, ਜੋ ਭਗੌੜਾ ਹੈ।
ਮੁਕੱਦਮੇ ਦੀ ਸੁਣਵਾਈ ਦੌਰਾਨ ਅੱਠ ਗਵਾਹਾਂ ਦੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਰੱਦ ਕਰਦਿਆਂ ਦੋਵਾਂ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 379-ਬੀ(2), 411, 473 ਅਤੇ 201 ਤਹਿਤ ਦੋਸ਼ੀ ਕਰਾਰ ਦਿੱਤਾ। ਹਰੇਕ ਦੋਸ਼ੀ ਨੂੰ ਧਾਰਾ 379-ਬੀ(2) ਤਹਿਤ 10 ਸਾਲ ਅਤੇ ਬਾਕੀ ਤਿੰਨ ਧਾਰਾਵਾਂ ਤਹਿਤ ਇੱਕ-ਇੱਕ ਸਾਲ ਦੀ ਸਖ਼ਤ ਕੈਦ ਸੁਣਾਈ ਗਈ ਹੈ, ਜੋ ਕਿ ਇਕੱਠੀਆਂ ਚੱਲਣਗੀਆਂ।

