ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਵੱਲੋਂ ਬਿਸਲੇਰੀ ਦੇ ਪੈਕਬੰਦ ਪੀਣ ਵਾਲੇ ਪਾਣੀ ਦੇ ਨਮੂਨੇ ਨੂੰ ਅਸੁਰੱਖਿਅਤ ਪਾਏ ਜਾਣ ਮਗਰੋਂ ਜਾਂਚ ਰਿਪੋਰਟ ਦੇ ਆਧਾਰ ’ਤੇ ਬਿਸਲੇਰੀ ਕੰਪਨੀ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।। ਇਸ ਕਾਰਵਾਈ ਤੋਂ ਇਕ ਦਿਨ ਬਾਅਦ ਬਿਸਲੇਰੀ ਇੰਟਰਨੈਸ਼ਨਲ ਨੇ ਅੱਜ ਸੋਮਵਾਰ ਨੂੰ ਸਪੱਸ਼ਟੀਕਰਨ ਦਿੰਦਿਆਂ ਆਪਣੇ ਪਾਣੀ ਨੂੰ ਪੀਣ ਲਈ ਸੁਰੱਖਿਅਤ ਦੱਸਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਮੁੜ ਜਾਂਚ ਕਰਨ ਵਾਲੀ ਹਵਾਲਾ ਪ੍ਰਯੋਗਸ਼ਾਲਾ ਨੇ ਪਾਣੀ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਅੰਦਰ ਪਾਈ ਸੀ। ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਖੁਰਾਕ ਰੈਗੂਲੇਟਰ ਨਾਲ ਸਹਿਯੋਗ ਕਰੇਗੀ।
ਗੋਆ ਦੀ ਫੈਕਟਰੀ ਵਿੱਚ ਤਿਆਰ ਬੈਚ ਦੇ ਨਮੂਨਿਆਂ ਦੀ ਜਾਂਚ
ਬਿਸਲੇਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੂੰ ਐੱਫਐੱਸਐੱਸਏਆਈ ਵੱਲੋਂ ਹੁਣ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਕੰਪਨੀ ਮੁਤਾਬਕ ਇਹ ਮਾਮਲਾ ਕਰੀਬ 14 ਮਹੀਨੇ ਪੁਰਾਣਾ ਹੈ ਅਤੇ ਸਤੰਬਰ 2025 ਵਿੱਚ ਗੋਆ ਸਥਿਤ ਉਸ ਦੀ ਨਿਰਮਾਣ ਇਕਾਈ ਵਿੱਚ ਤਿਆਰ ਕੀਤੇ ਪਾਣੀ ਦੇ ਇਕ ਬੈਚ ਨਾਲ ਸਬੰਧਤ ਹੈ। ਕੰਪਨੀ ਦੇ ਨੈੱਟਵਰਕ ਵਿੱਚ ਕੁੱਲ 143 ਨਿਰਮਾਣ ਇਕਾਈਆਂ ਹਨ। ਐੱਫਐੱਸਐੱਸਏਆਈ ਨੇ 30 ਸਤੰਬਰ 2025 ਨੂੰ ਗੋਆ ਦੀ ਇਕਾਈ ਤੋਂ ਪਾਣੀ ਦੇ ਛੇ ਨਮੂਨੇ ਲਏ ਸਨ। ਮੁੱਢਲੀ ਜਾਂਚ ਵਿੱਚ ਪੰਜ ਨਮੂਨੇ ਸਾਰੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਉਤਰੇ ਸਨ, ਜਦਕਿ ਛੇਵੇਂ ਨਮੂਨੇ ਵਿੱਚ ਬ੍ਰੋਮੇਟ ਦੀ ਮਾਤਰਾ 12 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਮਿਲੀ ਸੀ। ਇਸ ਦੀ ਨਿਰਧਾਰਤ ਹੱਦ 10 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਹੈ।
ਕੰਪਨੀ ਨੇ 22 ਨਵੰਬਰ 2025 ਨੂੰ ਇਸ ਨਤੀਜੇ ਵਿਰੁੱਧ ਅਪੀਲ ਕੀਤੀ ਸੀ ਜਿਸ ਮਗਰੋਂ ਐੱਫਐੱਸਐੱਸਏਆਈ ਨੇ ਨਮੂਨਾ ਮੁੜ ਜਾਂਚ ਲਈ ਹਵਾਲਾ ਪ੍ਰਯੋਗਸ਼ਾਲਾ ਭੇਜਿਆ।
ਮੁੜ ਜਾਂਚ ਦੇ ਨਤੀਜਿਆਂ ’ਤੇ ਕੰਪਨੀ ਨੇ ਚੁੱਕੇ ਸਵਾਲ
ਬਿਸਲੇਰੀ ਮੁਤਾਬਕ ਹਵਾਲਾ ਪ੍ਰਯੋਗਸ਼ਾਲਾ ਨੇ ਨਮੂਨੇ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਅੰਦਰ ਪਾਈ, ਹਾਲਾਂਕਿ ਇਸ ਵਿੱਚ ਪੌਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ (ਪੀ ਏ ਐੱਚ) ਦੀ ਮੌਜੂਦਗੀ ਬਾਰੇ ਵੱਖਰੇ ਤੌਰ ’ਤੇ ਇਤਰਾਜ਼ ਦਰਜ ਕੀਤਾ ਗਿਆ ਸੀ। ਜਾਂਚ ਦੇ ਦੋਵਾਂ ਨਤੀਜਿਆਂ ਵਿੱਚ ਫ਼ਰਕ ਸਾਹਮਣੇ ਆਉਣ ਮਗਰੋਂ ਕੰਪਨੀ ਨੇ ਇਕ ਹੋਰ ਐੱਫਐੱਸਐੱਸਏਆਈ ਤੋਂ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਵਿੱਚ ਵੀ ਨਮੂਨੇ ਦੀ ਜਾਂਚ ਕਰਵਾਈ। ਇਸ ਜਾਂਚ ਵਿੱਚ ਵੀ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਅੰਦਰ ਪਾਈ ਗਈ।
ਕੰਪਨੀ ਨੇ ਦੱਸਿਆ ਕਿ ਉਸ ਨੇ ਦੋ ਫਰਵਰੀ 2026 ਨੂੰ ਪੱਤਰ ਰਾਹੀਂ ਜਾਂਚ ਦੇ ਨਤੀਜੇ ਐੱਫਐੱਸਐੱਸਏਆਈ ਦੇ ਪੱਛਮੀ ਖੇਤਰੀ ਦਫ਼ਤਰ ਨੂੰ ਭੇਜ ਦਿੱਤੇ ਸਨ। ਇਸ ਤੋਂ ਬਾਅਦ ਉਸ ਨੂੰ ਕੋਈ ਹੋਰ ਸੂਚਨਾ ਨਹੀਂ ਮਿਲੀ ਅਤੇ ਉਸ ਨੇ ਸਮਝਿਆ ਕਿ ਮਾਮਲਾ ਬੰਦ ਹੋ ਗਿਆ ਹੈ।
ਕੰਪਨੀ ਨੇ ਕਿਹਾ ਕਿ ਉਸ ਨੂੰ ਨਾ ਤਾਂ ਈਮੇਲ ਰਾਹੀਂ ਅਤੇ ਨਾ ਹੀ ਲਿਖਤੀ ਰੂਪ ਵਿੱਚ ਕੋਈ ਨੋਟਿਸ ਮਿਲਿਆ ਹੈ। ਉਸ ਨੇ ਐੱਫਐੱਸਐੱਸਏਆਈ ਦੀ ਵੈੱਬਸਾਈਟ ’ਤੇ ਵੀ ਅਜਿਹਾ ਕੋਈ ਨੋਟਿਸ ਨਾ ਮਿਲਣ ਦਾ ਦਾਅਵਾ ਕੀਤਾ ਹੈ।
ਬਿਸਲੇਰੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੁਰੱਖਿਆ ਉਸ ਦੀ ਪਹਿਲ ਹੈ ਅਤੇ ਨਿਰਮਾਣ ਦੀ 10 ਪੜਾਵਾਂ ਵਾਲੀ ਪ੍ਰਕਿਰਿਆ ਦੌਰਾਨ 90 ਤੋਂ ਵੱਧ ਜਾਂਚਾਂ ਕੀਤੀਆਂ ਜਾਂਦੀਆਂ ਹਨ। ਕੰਪਨੀ ਨੇ ਮਾਮਲੇ ਦੇ ਨਿਬੇੜੇ ਲਈ ਖੁਰਾਕ ਸੁਰੱਖਿਆ ਅਥਾਰਟੀ ਨਾਲ ਸਹਿਯੋਗ ਜਾਰੀ ਰੱਖਣ ਦੀ ਗੱਲ ਕਹੀ ਹੈ।

