ਨਵੀਂ ਦਿੱਲੀ : ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਣ ਦੇ ਬਾਵਜੂਦ ਅੱਜ ਦਿੱਲੀ ਦੀ ਹਵਾ ‘ਖ਼ਰਾਬ’ ਸ਼੍ਰੇਣੀ ’ਚ ਰਹੀ। ਅੰਕੜਿਆਂ ਅਨੁਸਾਰ ਸਵੇਰੇ 7 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 265 ਤੋਂ ਘਟ ਕੇ 236 ’ਤੇ ਆਇਆ ਤੇ ਸਵੇਰੇ 9 ਵਜੇ ਇਹ 237 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੀ ‘ਸਮੀਰ’ ਐਪ ਮੁਤਾਬਕ 54 ਨਿਗਰਾਨ ਕੇਂਦਰਾਂ ਵਿੱਚੋਂ 36 ਵਿੱਚ ਹਵਾ ‘ਖ਼ਰਾਬ’ ਅਤੇ 5 ਵਿੱਚ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਇਗਨੂ-ਮੈਦਾਨ ਗੜ੍ਹੀ ਵਿੱਚ ਸਭ ਤੋਂ ਵੱਧ 377, ਉੱਤਮ ਨਗਰ ਵਿੱਚ 340 ਅਤੇ ਚਾਂਦਨੀ ਚੌਕ ਵਿੱਚ 304 ਏ ਕਿਊ ਆਈ ਦਰਜ ਹੋਇਆ। ਇਸੇ ਤਰ੍ਹਾਂ ਪੰਜਾਬੀ ਬਾਗ਼ (298), ਬਵਾਨਾ (267), ਰੋਹਿਣੀ (260), ਆਨੰਦ ਵਿਹਾਰ (251), ਅਸ਼ੋਕ ਵਿਹਾਰ (244), ਪੜਪੜਗੰਜ (224), ਸੋਨੀਆ ਵਿਹਾਰ (223), ਓਖਲਾ ਫੇਜ਼ 2 (220) ਤੇ ਨਰੇਲਾ (210) ਵਿੱਚ ਹਵਾ ‘ਖ਼ਰਾਬ’ ਰਹੀ, ਜਦੋਂਕਿ ਆਈ ਜੀ ਆਈ ਹਵਾਈ ਅੱਡਾ ਟਰਮੀਨਲ 3 (200), ਮੰਦਰ ਮਾਰਗ (199), ਵਸੁੰਧਰਾ ਐਨਕਲੇਵ (198), ਅਲੀਪੁਰ (178) ਅਤੇ ਮੇਜਰ ਧਿਆਨ ਚੰਦ ਸਟੇਡੀਅਮ (146) ਵਿੱਚ ਹਵਾ ‘ਦਰਮਿਆਨੀ’ ਸ਼੍ਰੇਣੀ ਵਿੱਚ ਰਹੀ। ਮੁੱਖ ਮੰਤਰੀ ਰੇਖਾ ਗੁਪਤਾ ਨੇ 18 ਨਵੰਬਰ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਕਮਾਂਡ ਸੈਂਟਰ ਵਿੱਚ ਉੱਚ ਪੱਧਰੀ ਮੀਟਿੰਗ ਕਰ ਕੇ ਐੱਮ ਸੀ ਡੀ ਅਤੇ ਲੋਕ ਨਿਰਮਾਣ ਵਿਭਾਗ ਨੂੰ ਮਸ਼ੀਨਾਂ ਨਾਲ ਸਫ਼ਾਈ ਅਤੇ ਪਾਣੀ ਦਾ ਛਿੜਕਾਅ ਤੇਜ਼ ਕਰਨ ਦੇ ਹੁਕਮ ਦਿੱਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 13 ਜ਼ਿਲ੍ਹਿਆਂ ਦੇ ਨੋਡਲ ਅਫਸਰਾਂ ਤੇ ਐੱਮ ਸੀ ਡੀ ਅਧਿਕਾਰੀਆਂ ਨੇ ਨਵੰਬਰ ਵਿੱਚ ਸੈਂਕੜੇ ਥਾਵਾਂ ਦੀ ਜਾਂਚ ਕੀਤੀ ਅਤੇ 68,137 ਸ਼ਿਕਾਇਤਾਂ ਵਿੱਚੋਂ 61,507 ਦਾ ਨਿਬੇੜਾ ਕੀਤਾ। ਇਸੇ ਤਰ੍ਹਾਂ ਪਹਿਲੀ ਤੋਂ 17 ਨਵੰਬਰ ਵਿਚਾਲੇ 8,874 ਉਸਾਰੀ ਸਾਈਟਾਂ ਦੀ ਜਾਂਚ ਕਰ ਕੇ ਉਲੰਘਣਾ ਕਰਨ ਵਾਲੀਆਂ 112 ਸਾਈਟਾਂ ਬੰਦ ਕਰਵਾਈਆਂ, 462 ਨੂੰ ਨੋਟਿਸ ਭੇਜੇ ਅਤੇ 2.65 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ। ਸੜਕਾਂ ਦੀ ਸਫ਼ਾਈ ਲਈ ਮੌਜੂਦਾ 108 ਮਸ਼ੀਨਾਂ ਤੋਂ ਇਲਾਵਾ ਐੱਮ ਸੀ ਡੀ 70 ਹੋਰ ਮਸ਼ੀਨਾਂ ਲਾ ਰਹੀ ਹੈ।
ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ
ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਅੱਜ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ ਰਿਹਾ, ਜੋ ਸ਼ਨਿਚਰਵਾਰ ਨੂੰ ਦਰਜ ਕੀਤੇ 12.2 ਡਿਗਰੀ ਸੈਲਸੀਅਸ ਨਾਲੋਂ ਥੋੜ੍ਹਾ ਘੱਟ ਹੈ ਅਤੇ ਇਸ ਮੌਸਮ ਦੀ ਆਮ ਔਸਤ ਦੇ ਲਗਪਗ ਬਰਾਬਰ ਹੈ। ਸਵੇਰੇ 8.30 ਵਜੇ ਹਵਾ ਵਿੱਚ ਨਮੀ ਦੀ ਮਾਤਰਾ 96 ਫ਼ੀਸਦੀ ਰਹੀ, ਜਿਸ ਕਾਰਨ ਸਵੇਰ ਵੇਲੇ ਹਲਕੀ ਠੰਢਕ ਬਣੀ ਰਹੀ। ਮੌਸਮ ਵਿਭਾਗ ਨੇ ਦਿਨ ਵੇਲੇ ਅਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪੁੱਜਣ ਦੀ ਸੰਭਾਵਨਾ ਜਤਾਈ ਹੈ।

