Punjab Hockey League: ਜਮਸ਼ੇਦਪੁਰ ਅਕੈਡਮੀ ਦੀ ਲਗਾਤਾਰ ਤੀਜੀ ਜਿੱਤ

Punjab Hockey League: ਜਮਸ਼ੇਦਪੁਰ ਅਕੈਡਮੀ ਦੀ ਲਗਾਤਾਰ ਤੀਜੀ ਜਿੱਤ

ਐੱਸ ਏ ਐੱਸ ਨਗਰ (ਮੁਹਾਲੀ) : ਮੁਹਾਲੀ ਵਿੱਚ ਪੰਜਾਬ ਹਾਕੀ ਲੀਗ ਦੇ ਤੀਜੇ ਸੀਜ਼ਨ ਦੇ ਚੌਥੇ ਦਿਨ ਅੱਜ ਤਿੰਨ ਮੈਚ ਹੋਏ। ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਲਗਾਤਾਰ ਤੀਜੀ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਸਿਖ਼ਰਲੀ ਥਾਂ ਹਾਸਲ ਕਰ ਲਈ ਹੈ। ਅੱਜ ਹਾਕੀ ਖਿਡਾਰੀ ਰਾਜਪਾਲ ਸਿੰਘ, ਸੰਜੀਵ ਕੁਮਾਰ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਤੇ ਹੋਰਨਾਂ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ।ਅੱਜ ਪਹਿਲਾ ਮੁਕਾਬਲਾ ਉੜੀਸਾ ਨੇਵਲ ਟਾਟਾ ਹਾਕੀ ਐੱਚ ਪੀ ਸੀ ਭੁਬਨੇਸ਼ਵਰ ਅਤੇ ਘੁਮਨਹੇੜਾ ਰਾਈਜ਼ਰਜ਼ ਅਕੈਡਮੀ ਦਿੱਲੀ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿਚ ਭੁਬਨੇਸ਼ਵਰ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ 3-1 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਦੂਜੀ ਜਿੱਤ ਦਰਜ ਕੀਤੀ। ਉੜੀਸਾ ਦੀ ਟੀਮ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾ ਕੇ ਰੱਖਿਆ ਅਤੇ ਵਿਰੋਧੀਆਂ ਦੀ ਇੱਕ ਨਾ ਚੱਲਣ ਦਿੱਤੀ। ਦੂਜਾ ਮੈਚ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਅਤੇ ਸਪੋਰਟਸ ਡਿਵੈਲਪਮੈਂਟ ਅਥਾਰਿਟੀ ਆਫ਼ ਤਾਮਿਲਨਾਡੂ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਮੁੰਬਈ ਨੇ ਸਖਤ ਮੁਕਾਬਲੇ ਵਿਚ ਤਾਮਿਲਨਾਡੂ ਨੂੰ 2-1 ਗੋਲਾਂ ਹਰਾ ਕੇ ਆਪਣੀ ਜਿੱਤ ਪੱਕੀ ਕੀਤੀ। ਤੀਜਾ ਮੁਕਾਬਲਾ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਅਤੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੈਫ਼ਈ ਵਿਚਕਾਰ ਹੋਇਆ। ਜਮਸ਼ੇਦਪੁਰ ਨੇ ਸੈਫ਼ਈ ਨੂੰ 3-1 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਜੇਤੂ ਚੜ੍ਹਤ ਬਰਕਰਾਰ ਰੱਖੀ।

Share: