Patiala Traffic Advisory: ਪਟਿਆਲਾ ’ਚ ਪੁਲ ਡਿੱਗਣ ਮਗਰੋਂ ਐੱਨ.ਐੱਚ.ਏ.ਆਈ. ਵੱਲੋਂ ਟਰੈਫਿਕ ਐਡਵਾਇਜ਼ਰੀ ਜਾਰੀ

Patiala Traffic Advisory: ਪਟਿਆਲਾ ’ਚ ਪੁਲ ਡਿੱਗਣ ਮਗਰੋਂ ਐੱਨ.ਐੱਚ.ਏ.ਆਈ. ਵੱਲੋਂ ਟਰੈਫਿਕ ਐਡਵਾਇਜ਼ਰੀ ਜਾਰੀ

ਪਟਿਆਲਾ : ਭਾਰਤੀ ਕੌਮੀ ਮਾਰਗ ਅਥਾਰਟੀ (NHAI) ਨੇ ਕੌਮੀ ਮਾਰਗ-64 (ਨਵਾਂ NH-07) ਦੇ ਪਟਿਆਲਾ ਬਾਈਪਾਸ ਸੈਕਸ਼ਨ ’ਤੇ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਰਾਹਗੀਰਾਂ ਲਈ ਟਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਪਸਿਆਣਾ ਵਿਖੇ ਭਾਖੜਾ ਮੇਨ ਲਾਈਨ ਨਹਿਰ ’ਤੇ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ ਡਿੱਗ ਗਿਆ ਸੀ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਐੱਨ.ਐੱਚ.ਏ.ਆਈ. ਦੀ ਘਟਨਾ ਪ੍ਰਬੰਧਨ ਟੀਮ (Incident Management Team) ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰਾ ਟਰੈਫਿਕ ਸਰਵਿਸ ਰੋਡ ਰਾਹੀਂ ਤਬਦੀਲ (ਡਾਇਵਰਟ) ਕਰ ਦਿੱਤਾ ਹੈ। ਤੁਰੰਤ ਸੁਰੱਖਿਆ ਉਪਾਅ ਵਜੋਂ ਮੌਕੇ ’ਤੇ ਦਿਨ-ਰਾਤ (24 ਘੰਟੇ) ਲਈ ਰੋਡ ਸੇਫਟੀ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਚੌਕਸ ਕਰਨ ਲਈ ਟਰੈਫਿਕ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਪ੍ਰਭਾਵਿਤ ਹਿੱਸੇ ਨੂੰ ਸੁਰੱਖਿਅਤ ਕਰਨ ਲਈ ਡਿੱਗੇ ਹੋਏ ਹਿੱਸੇ ਦੇ ਆਲੇ-ਦੁਆਲੇ ਪਰਦੇ (ਵਿਊ-ਕਰਟੇਨ) ਲਗਾਉਣ ਦੇ ਨਾਲ-ਨਾਲ ਢੁੱਕਵੇਂ ਸਾਈਨ ਬੋਰਡਾਂ ਅਤੇ ਰੌਸ਼ਨੀ (ਲਾਈਟਿੰਗ) ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਚਾਰ-ਮਾਰਗੀ ਪਟਿਆਲਾ ਬਾਈਪਾਸ ਸੈਕਸ਼ਨ ਸਾਲ 2018 ਵਿੱਚ ਐੱਨ.ਐੱਚ.ਏ.ਆਈ. ਨੂੰ ਸੌਂਪਿਆ ਗਿਆ ਸੀ। ਇਸ ਨੂੰ ਚਾਰ-ਮਾਰਗੀ ਬਣਾਉਣ ਦਾ ਕੰਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ (PWD) ਅਧੀਨ ਨੇਪਰੇ ਚਾੜ੍ਹਿਆ ਗਿਆ ਸੀ। ਇਹ ਸੈਕਸ਼ਨ ਇਸ ਸਮੇਂ ਐੱਨ.ਐੱਚ.ਏ.ਆਈ. ਦੇ ਥੋੜ੍ਹੇ ਸਮੇਂ ਦੇ ਰੱਖ-ਰਖਾਅ ਵਾਲੇ ਠੇਕੇ (Short-Term Maintenance Contract) ਅਧੀਨ ਹੈ।

ਐੱਨ.ਐੱਚ.ਏ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਇਸ ਪੁਲ ਦੀ ਉਸਾਰੀ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੀ ਨਿਗਰਾਨੀ ਹੇਠ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਕੀਤੀ ਗਈ ਸੀ। ਦੱਸ ਦਈਏ ਕਿ ਇਹ ਘਟਨਾ ਤੜਕਸਾਰ ਪਿੰਡ ਪਸਿਆਣਾ ਨੇੜੇ ਉਸ ਸਮੇਂ ਵਾਪਰੀ ਜਦੋਂ ਦੋ ਟਰੱਕ ਪੁਲ ਤੋਂ ਲੰਘ ਰਹੇ ਸਨ। ਇਹ ਟਰੱਕ ਰੇਤ ਨਾਲ ਭਰੇ ਹੋਏ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਲ ਜ਼ਿਆਦਾ ਭਾਰ ਕਾਰਨ ਡਿੱਗਿਆ ਹੈ—ਜੋ ਸ਼ਾਇਦ ਪੁਲ ਤੋਂ ਲੰਘਣ ਦੀ ਨਿਰਧਾਰਤ ਸੀਮਾ ਤੋਂ ਵੱਧ ਸੀ। ਪਰ, ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਵੱਲੋਂ ਲਗਾਇਆ ਜਾਵੇਗਾ।

Share: