ਵਿਨੀਪੈੱਗ : ਕੈਨੇਡਾ ਦੀ ਸੰਘੀ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਿੱਧਾ ਅਤੇ ਡੂੰਘਾ ਅਸਰ ਹੁਣ ਮੁਲਕ ਦੇ ਕਾਲਜਾਂ ਦੀ ਆਰਥਿਕ ਸਿਹਤ ’ਤੇ ਦਿਖਾਈ ਦੇਣ ਲੱਗਾ ਹੈ। ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਸਾਲ 2025 ਦੇ ਸਰਕਾਰੀ ਖ਼ਰਚਿਆਂ ਸਬੰਧੀ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਘਟਣ ਕਾਰਨ ਕੈਨੇਡਾ ਭਰ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਖ਼ਰਚਾ 24.8 ਅਰਬ ਡਾਲਰ ਦੇ ਵਾਧੇ ਨਾਲ ਕੁੱਲ 1,176.6 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਅੰਕੜਿਆਂ ਅਨੁਸਾਰ ਕਾਲਜ ਸਿੱਖਿਆ ’ਤੇ ਹੋਣ ਵਾਲੇ ਖ਼ਰਚੇ ਵਿੱਚ ਕੌਮੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਓਨਟਾਰੀਓ ਹੈ, ਜਿੱਥੇ ਕਾਲਜਾਂ ਦੇ ਖ਼ਰਚੇ 19.8 ਫ਼ੀਸਦੀ ਤੱਕ ਡਿੱਗ ਗਏ ਹਨ। ਜ਼ਿਕਰਯੋਗ ਹੈ ਕਿ ਓਨਟਾਰੀਓ ਭਾਰਤੀ, ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਸਭ ਤੋਂ ਪਹਿਲੀ ਪਸੰਦ ਰਿਹਾ ਹੈ। ਸਾਲ 2024 ਵਿੱਚ ਲਾਗੂ ਕੀਤੀਆਂ ਗਈਆਂ ਸਟੱਡੀ ਪਰਮਿਟ ਸੀਮਾਵਾਂ ਕਾਰਨ 2025-26 ਦੇ ਵਿੱਦਿਅਕ ਸੈਸ਼ਨ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਟਿਊਸ਼ਨ ਫ਼ੀਸਾਂ ਤੋਂ ਹੋਣ ਵਾਲੀ ਮੋਟੀ ਆਮਦਨ ਘਟਣ ਕਾਰਨ ਕਾਲਜ ਪ੍ਰਬੰਧਕਾਂ ਨੂੰ ਆਪਣੇ ਖ਼ਰਚਿਆਂ ਵਿੱਚ ਸਖ਼ਤ ਕਟੌਤੀ ਕਰਨੀ ਪਈ ਹੈ।
ਇਸ ਦੇ ਉਲਟ ਨਾਟੋ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਯੂਕਰੇਨ ਨੂੰ ਫ਼ੌਜੀ ਮਦਦ (55.9 ਫ਼ੀਸਦੀ ਵਾਧਾ) ਦੇਣ ਕਾਰਨ ਸੰਘੀ ਰੱਖਿਆ ਖ਼ਰਚਾ 19.8 ਫ਼ੀਸਦੀ ਵਧ ਕੇ 31.2 ਅਰਬ ਡਾਲਰ ਹੋ ਗਿਆ। ਸਮਾਜਿਕ ਸੁਰੱਖਿਆ (289.41 ਅਰਬ ਡਾਲਰ) ਅਤੇ ਸਿਹਤ ਸੇਵਾਵਾਂ (289.40 ਅਰਬ ਡਾਲਰ) ਨੇ ਕੁੱਲ ਬਜਟ ਦਾ ਲਗਪਗ ਅੱਧਾ ਹਿੱਸਾ (49.2 ਫ਼ੀਸਦੀ) ਘੇਰਿਆ। ਬੇਰੁਜ਼ਗਾਰੀ ਬੀਮਾ (EI) ਲਾਭਪਾਤਰੀਆਂ ਦੀ ਗਿਣਤੀ ਵਧਣ ਨਾਲ ਬੇਰੁਜ਼ਗਾਰੀ ਖ਼ਰਚੇ 36.6 ਫ਼ੀਸਦੀ ਵਧ ਕੇ 21.1 ਅਰਬ ਡਾਲਰ ਹੋ ਗਏ, ਜਦਕਿ ਜਨਤਕ ਕਰਜ਼ੇ ਦਾ ਵਿਆਜ 105.7 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।

