ਲੰਬੀ : ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜੇਤੂ ਟੀਮ ਵਿੱਚ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਪੰਜਾਵਾ ਦੀ ਸਿਮਰਨ ਕੰਬੋਜ ਵੀ ਸ਼ਾਮਲ ਸੀ, ਜਿਸ ਨੇ ਰਾਈਟ ਰੇਡਰ ਵਜੋਂ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਅਹਿਮਦਾਬਾਦ ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿਚ ਅੱਜ ਦੇਰ ਸ਼ਾਮ ਹੋਏ ਫਾਈਨਲ ਮੁਕਾਬਲੇ ਨੂੰ ਪਿੰਡ ਪੰਜਾਵਾ ਵਿੱਚ ਸਿਮਰਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਟੀਵੀ ’ਤੇ ਦੇਖਿਆ। ਭਾਰਤ ਦੀ ਜਿੱਤ ਹੁੰਦਿਆਂ ਹੀ ਪਿਤਾ ਸੁਖਪਾਲ ਕੰਬੋਜ, ਮਾਤਾ ਸੁਖਵਿੰਦਰ ਕੌਰ, ਚਾਚਾ ਗੁਰਲਾਲ ਕੰਬੋਜ ਅਤੇ ਭਰਾ ਹਰਮਨ ਕੰਬੋਜ ਨੇ ਖ਼ੁਸ਼ੀ ਮਨਾਈ। ਪਰਿਵਾਰ ਨੇ ਸਿਮਰਨ ਦੀ ਮਿਹਨਤ ਅਤੇ ਸੰਘਰਸ਼ ਨੂੰ ਪਿੰਡ ਤੇ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਦੱਸਿਆ। ਜ਼ਿਕਰਯੋਗ ਹੈ ਕਿ ਸਿਮਰਨ ਇਸ ਤੋਂ ਪਹਿਲਾਂ ਚੀਨ ਵਿਖੇ ਹੋਈਆਂ ਛੇਵੀਆਂ ਏਸ਼ਿਆਈ ਬੀਚ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤ ਚੁੱਕੀ ਹੈ। ਕੂਹਣੀ ਦੀ ਗੰਭੀਰ ਸੱਟ ਅਤੇ ਸਰਜਰੀ ਕਾਰਨ ਆਈਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਮੁੜ ਵਾਪਸੀ ਕਰਦਿਆਂ ਭਾਰਤੀ ਟੀਮ ਵਿੱਚ ਜਗ੍ਹਾ ਬਣਾਈ। ਪਿੰਡ ਪੰਜਾਵਾ ਦੇ ਸਾਧਾਰਨ ਕਰਿਆਨਾ ਦੁਕਾਨਦਾਰ ਸੁਖਪਾਲ ਕੰਬੋਜ ਦੀ ਧੀ ਸਿਮਰਨ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਤਿੰਨ ਸੋਨੇ ਦੇ ਤਮਗੇ ਅਤੇ ਨੈਸ਼ਨਲ ਖੇਡਾਂ ਵਿੱਚ ਇੱਕ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ। ਭਾਰਤ ਨੇ ਫਾਈਨਲ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਸ੍ਰੀਲੰਕਾ ਨੂੰ 39-14 ਨਾਲ ਹਰਾਇਆ ਸੀ, ਜਦਕਿ ਯੂਗਾਂਡਾ ਨੇ ਕੀਨੀਆ ਨੂੰ 23-21 ਨਾਲ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨੇ 20 ਅੰਕਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
Commonwealth Kabaddi Championship: ਭਾਰਤ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਜਿੱਤੀ

