ਚੰਡੀਗੜ੍ਹ : ਸੰਗਰੂਰ ਦੇ ਇੱਕ ਵਕੀਲ ਨੇ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੂੰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਵਿੱਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਕਥਿਤ ਸਵਾਲ ਪੁੱਛਣ ਦੇ ਦੋਸ਼ ਹੇਠ ਕਾਨੂੰਨੀ ਨੋਟਿਸ ਭੇਜਿਆ ਹੈ। ਐਡਵੋਕੇਟ ਇੰਦਰਜੀਤ ਅਰੋੜਾ ਨੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਤੋਂ ਸਬੰਧਤ ਵੀਡੀਓ ਨੂੰ ਹਟਾਉਣ ਅਤੇ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਵਾਲ ਰਾਹੀਂ ਪੰਜਾਬ ਨੂੰ ਅਪਰਾਧੀਆਂ ਅਤੇ ਪੁਲੀਸ ਥਾਣਿਆਂ ’ਤੇ ਬੰਬ ਹਮਲਿਆਂ ਨਾਲ ਜੋੜ ਕੇ ਸੂਬੇ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕੀ ਸੀ ਵਿਵਾਦਤ ਸਵਾਲ
ਵਕੀਲ ਇੰਦਰਜੀਤ ਅਰੋੜਾ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਮੁਵੱਕਿਲ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕੇਬੀਸੀ ਨਾਲ ਸਬੰਧਤ ਕੁਝ ਸਕਰੀਨਸ਼ਾਟ ਅਤੇ ਵੀਡੀਓ ਦਿਖਾਈ ਸੀ। ਕਰੀਬ ਦੋ ਮਿੰਟ ਦੀ ਇਸ ਵੀਡੀਓ ਵਿੱਚ ਅਮਿਤਾਭ ਬੱਚਨ ਇੱਕ ਮੁਕਾਬਲੇਬਾਜ਼ ਨੂੰ 12.50 ਲੱਖ ਰੁਪਏ ਲਈ ਸਵਾਲ ਪੁੱਛਦੇ ਦਿਖਾਈ ਦਿੰਦੇ ਹਨ। ਸਵਾਲ ਸੀ ਕਿ ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਬਿਨਾਂ ਕਿਸੇ ਡਰ ਤੋਂ ਪੁਲੀਸ ਥਾਣਿਆਂ ’ਤੇ ਬੰਬ ਹਮਲੇ ਕਰ ਰਹੇ ਹਨ।
ਇਸ ਦੇ ਚਾਰ ਵਿਕਲਪਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਨਾਂ ਸ਼ਾਮਲ ਸਨ। ਵੀਡੀਓ ਅਨੁਸਾਰ ਮੁਕਾਬਲੇਬਾਜ਼ ਵੱਲੋਂ 50:50 ਦੀ ਮਦਦ ਲੈਣ ਮਗਰੋਂ ਦੋ ਵਿਕਲਪ ਹਟਾ ਦਿੱਤੇ ਜਾਂਦੇ ਹਨ ਅਤੇ ਅੰਤ ਵਿੱਚ ਪੰਜਾਬ ਨੂੰ ਸਹੀ ਜਵਾਬ ਦੱਸਿਆ ਜਾਂਦਾ ਹੈ। ਐਡਵੋਕੇਟ ਅਰੋੜਾ ਨੇ ਕਿਹਾ ਕਿ ਕੇਬੀਸੀ ਆਮ ਗਿਆਨ ’ਤੇ ਆਧਾਰਿਤ ਸ਼ੋਅ ਹੈ ਪਰ ਅਜਿਹਾ ਸਵਾਲ ਆਮ ਗਿਆਨ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸੂਬੇ ਨੂੰ ਇਸ ਤਰ੍ਹਾਂ ਬਦਨਾਮ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ।
ਵੀਡੀਓ ਦੇ ਏਆਈ ਨਾਲ ਬਣਨ ਦਾ ਵੀ ਸ਼ੱਕ
ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਦੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਰਾਹੀਂ ਤਿਆਰ ਕੀਤੇ ਜਾਣ ਜਾਂ ਇਸ ਨਾਲ ਛੇੜਛਾੜ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਵਕੀਲ ਨੇ ਕਿਹਾ ਕਿ ਵੀਡੀਓ ਅਸਲੀ ਹੈ ਜਾਂ ਏਆਈ ਦੀ ਮਦਦ ਨਾਲ ਬਣਾਈ ਗਈ ਹੈ, ਇਸ ਬਾਰੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਦੇ ਜਵਾਬ ਤੋਂ ਸਪੱਸ਼ਟ ਹੋ ਸਕੇਗਾ। ਜੇਕਰ ਇਹ ਵੀਡੀਓ ਜਾਅਲੀ ਸਾਬਤ ਹੁੰਦੀ ਹੈ ਤਾਂ ਇਸ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣ ਰਿਹਾ ਹੈ ਅਤੇ ਅਜਿਹੀ ਸਮੱਗਰੀ ਸੂਬੇ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਤ ਵੀਡੀਓ ਹਟਾਈ ਜਾਵੇ, ਮਾਮਲੇ ਬਾਰੇ ਸਪੱਸ਼ਟੀਕਰਨ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ।

