ਪੇਈਚਿੰਗ : ਚੀਨ ਦੇ ਤਿੱਬਤ ਖੇਤਰ ਵਿੱਚ ਵੀਰਵਾਰ ਸ਼ਾਮ ਨੂੰ 7 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨਾਲ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਇਸ ਦੌਰਾਨ ਉੱਤਰੀ ਖੇਤਰੀ ਸ਼ਹਿਰ ਨਾਗਚੂ (Nagqu) ਵਿੱਚ ਸੈਂਕੜੇ ਮਕਾਨ ਢਹਿ-ਢੇਰੀ ਹੋ ਗਏ। ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਾਗਚੂ ਮੀਡੀਆ ਦਫ਼ਤਰ ਨੇ ਦੱਸਿਆ ਕਿ ਘੱਟੋ-ਘੱਟ 339 ਮਕਾਨਾਂ ਅਤੇ 20 ਪਸ਼ੂਆਂ ਦੇ ਸ਼ੈੱਡਾਂ ਦੇ ਢਹਿ ਜਾਣ ਤੋਂ ਬਾਅਦ ਖੋਜ ਅਤੇ ਰਾਹਤ ਕਾਰਜ ਜਾਰੀ ਹਨ। ਸਥਾਨਕ ਕਾਊਂਟੀ ਦੇ 1,600 ਤੋਂ ਵੱਧ ਲੋਕਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਖੇਤਰ ਵਿੱਚ 1,000 ਪ੍ਰੀਫੈਬਰੀਕੇਟਿਡ ਹਾਊਸਿੰਗ ਯੂਨਿਟ (ਬਣੇ-ਬਣਾਏ ਮਕਾਨ), ਲਗਪਗ 3,000 ਤੰਬੂ ਅਤੇ ਫੋਲਡਿੰਗ ਬੈੱਡਾਂ ਦੇ ਨਾਲ-ਨਾਲ ਫਲੈਸ਼ਲਾਈਟਾਂ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਸਮੱਗਰੀ ਪਹੁੰਚ ਗਈ ਹੈ।
ਯੂ.ਐੱਸ. ਜੀਓਲੋਜੀਕਲ ਸਰਵੇ (USGS) ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 10:33 ਵਜੇ ਆਇਆ, ਜਿਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਆਬਾਦੀ ਵਾਲੇ, ਉੱਚਾਈ ਵਾਲੇ ਖੇਤਰ ਵਿੱਚ ਨਾਗਚੂ ਤੋਂ 191 ਕਿਲੋਮੀਟਰ (119 ਮੀਲ) ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ (11 ਮੀਲ) ਦੱਸੀ ਹੈ।
ਅਮਰੀਕੀ ਏਜੰਸੀ ਦੀ ਵੈੱਬਸਾਈਟ ਅਨੁਸਾਰ, ਉਸ ਨੇ 4.3 ਅਤੇ 5.2 ਦੇ ਵਿਚਕਾਰ ਤੀਬਰਤਾ ਵਾਲੇ ਘੱਟੋ-ਘੱਟ ਸੱਤ ਬਾਅਦ ਦੇ ਝਟਕੇ (aftershocks) ਦਰਜ ਕੀਤੇ, ਜੋ ਸਾਰੇ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ‘ਤੇ ਸਨ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ (Xinhua) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੇਤਰ ਦੇ ਕੁਝ ਹਿੱਸੇ ਵਿੱਚ ਸੰਚਾਰ ਠੱਪ ਹੋ ਗਿਆ ਹੈ। ਸਥਾਨਕ ਰੇਲਵੇ ਅਧਿਕਾਰੀਆਂ ਨੇ ਖੇਤਰ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣ ਲਈ ਸੰਕਟਕਾਲੀਨ ਕਦਮ ਚੁੱਕੇ ਹਨ।
ਸ਼ਿਨਹੂਆ ਅਨੁਸਾਰ ਭੂਚਾਲ ਕਾਰਨ ਚੱਟਾਨਾਂ ਵੀ ਖਿਸਕੀਆਂ ਹਨ,ਜਿਸ ਕਾਰਨ ਸਥਾਨਕ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ 317 ਦਾ ਇੱਕ ਹਿੱਸਾ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤੇ ਜਾਣ ਦੌਰਾਨ ਕੇਵਲ ਸੰਕਟਕਾਲੀਨ, ਰਾਹਤ ਅਤੇ ਸਰਕਾਰੀ ਸਹਾਇਤਾ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ।
ਸ਼ਿਨਹੂਆ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਵਿੱਚ ਭੂਚਾਲ ਵਾਲੇ ਖੇਤਰ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. (CCTV) ਨੇ ਦੱਸਿਆ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਸੀ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦੇ ਕੰਮਾਂ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟਣ ਦਾ ਸੱਦਾ ਦਿੱਤਾ ਹੈ।ਨਾਗਚੂ ਤਿੱਬਤ ਦੀ ਰਾਜਧਾਨੀ ਲਹਾਸਾ (Lhasa) ਤੋਂ 300 ਕਿਲੋਮੀਟਰ (186 ਮੀਲ) ਤੋਂ ਵੱਧ ਉੱਤਰ ਵਿੱਚ ਹੈ।

