ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗੱਠਜੋੜ ਹੋਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਆਪਣੇ ਪੰਜਾਬ ਦੌਰੇ ਤੋਂ ਦੋ ਦਿਨਾਂ ਬਾਅਦ ਅੱਜ ਦਾਅਵਾ ਕੀਤਾ ਕਿ ਐਤਕੀਂ ਰਾਜ ’ਚ ਐੱਨ ਡੀ ਏ ਦੀ ਸਰਕਾਰ ਬਣੇਗੀ। ਉਨ੍ਹਾਂ ਅੱਜ ਨਵੀਂ ਦਿੱਲੀ ’ਚ ਸਮਾਗਮ ਦੌਰਾਨ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਅਤੇ ਸੂਬੇ ਦੇ ਲੋਕ ਇਸ ਵਾਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਜੜ੍ਹੋਂ ਉਖਾੜ ਦੇਣਗੇ। ਸਿਆਸੀ ਮਾਹਿਰਾਂ ਮੁਤਾਬਕ ਸ਼ਾਹ ਨੇ ਪੰਜਾਬ ਦੇ ਲਗਾਤਾਰ ਦੋ ਦੌਰੇ ਕਰ ਕੇ ਜ਼ਮੀਨੀ ਸਥਿਤੀ ਨੂੰ ਭਾਂਪ ਲਿਆ ਹੈ ਜਿਸ ਦੇ ਆਧਾਰ ’ਤੇ ਹੁਣ ਉਨ੍ਹਾਂ ਗੱਠਜੋੜ ਦਾ ਇਸ਼ਾਰਾ ਕੀਤਾ ਹੈ। ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਸਮਾਪਤੀ ਮੌਕੇ 30 ਸਤੰਬਰ ਨੂੰ ਜਲੰਧਰ ’ਚ ਸ਼ਾਹ ਨੇ ਗੱਠਜੋੜ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 17 ਜੁਲਾਈ ਨੂੰ ਪੰਜਾਬ ਦੌਰੇ ਦੌਰਾਨ ਗੱਠਜੋੜ ਮਾਮਲੇ ’ਤੇ ਚੁੱਪ ਵੱਟੀ ਰੱਖੀ ਸੀ। ਭਾਜਪਾ ਦੇ ਅੰਦਰੂਨੀ ਹਲਕੇ ਹੁਣ ਤੱਕ ਇਹ ਦਾਅਵੇ ਕਰਦੇ ਰਹੇ ਹਨ ਕਿ ਸ਼ਾਹ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਦੇ ਰੌਂਅ ’ਚ ਨਹੀਂ ਹਨ ਪਰ ਅੱਜ ਪਹਿਲੀ ਵਾਰ ਉਨ੍ਹਾਂ ਗੱਠਜੋੜ ਵੱਲ ਕਦਮ ਵਧਾਉਣ ਦੇ ਸੰਕੇਤ ਦਿੱਤੇ ਹਨ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਕਿਸਾਨ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣੀ 24 ਸਾਲ ਦੀ ਦੋਸਤੀ ਨੂੰ ਖ਼ਤਮ ਕਰਦਿਆਂ 26 ਸਤੰਬਰ 2020 ਨੂੰ ਐੱਨ ਡੀ ਏ ਛੱਡਣ ਦਾ ਐਲਾਨ ਕੀਤਾ ਸੀ।
ਕੁੱਝ ਦਿਨ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ’ਚ ਦਿੱਲੀ ਪੁਲੀਸ ਦੇ ਦਾਖ਼ਲੇ ਖ਼ਿਲਾਫ਼ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ‘ਐਕਸ’ ’ਤੇ ਵਿਰੋਧ ਜ਼ਾਹਰ ਕੀਤਾ ਸੀ ਪਰ ਕੁੱਝ ਘੰਟਿਆਂ ਬਾਅਦ ਹੀ ਇਹ ਪੋਸਟ ਹਟਾ ਦਿੱਤੀ ਗਈ ਸੀ। ਉਂਝ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਖ਼ਿਲਾਫ਼ ਬੋਲਣ ਤੋਂ ਸੰਜਮ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ’ਚ ਬਹੁਤਾ ਸਮਾਂ ਨਹੀਂ ਬਚਿਆ, ਜਿਸ ਕਰ ਕੇ ਸ਼ਾਹ ਨੇ ਗੱਠਜੋੜ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਦੀ ਪੰਜਾਬ ਲੀਡਰਸ਼ਿਪ ਪਹਿਲਾਂ ਹੀ ਗੱਠਜੋੜ ਦੇ ਪੱਖ ’ਚ ਹੈ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਜਨਤਕ ਤੌਰ ’ਤੇ ਵੀ ਗੱਠਜੋੜ ਦੀ ਹਮਾਇਤ ਕਰ ਚੁੱਕੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੀ ਪਹਿਲਾਂ ਇਸ਼ਾਰਾ ਕਰ ਚੁੱਕੇ ਹਨ ਕਿ ਢੁੱਕਵਾਂ ਸਮਾਂ ਆਉਣ ’ਤੇ ਫ਼ੈਸਲਾ ਲਿਆ ਜਾਵੇਗਾ ਤੇ ਅਕਾਲੀ-ਭਾਜਪਾ ਗੱਠਜੋੜ ਦਾ ਅਧਿਆਏ ਹਾਲੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਪਿਛਲੇ ਦਿਨਾਂ ’ਚ ਪੰਜਾਬ ਭਾਜਪਾ ਨੇ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢ ਕੇ ਆਪਣੀ ਸਿਆਸੀ ਹੈਸੀਅਤ ਨੂੰ ਨਾਪਿਆ ਸੀ। ਭਾਜਪਾ ਨੇ ਨਸ਼ਿਆਂ ਅਤੇ ਕਾਨੂੰਨ ਵਿਵਸਥਾ ਨੂੰ ਮੁੱਦੇ ਵਜੋਂ ਉਭਾਰਨਾ ਸ਼ੁਰੂ ਕਰ ਦਿੱਤਾ ਹੈ।

