ਅੰਮ੍ਰਿਤਸਰ : ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੁਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਇਹ ਬੀਬੀ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਲੰਮਾ ਸਮਾਂ ਰਹੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਤੇ ਹੋਰ ਅਧਿਕਾਰੀ ਸ਼ਾਮਲ ਹਨ। ਇਸ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਡੀਆ ਸਾਹਮਣੇ ਕੀਤਾ। ਉਹਨਾਂ ਦੱਸਿਆ ਕਿ ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ਮਿਲ ਗਈ ਹੈ ਅਤੇ ਅੰਤਿਮ ਰਿਪੋਰਟ ਅਗਲੇ ਦਿਨਾਂ ਵਿੱਚ ਮਿਲੇਗੀ। ਉਹਨਾਂ ਨੇ ਸਰਾਵਾਂ ਨਾਲ ਸਬੰਧਿਤ ਕੁਝ ਰਜਿਸਟਰ ਵੀ ਮੀਡੀਆ ਸਾਹਮਣੇ ਪੇਸ਼ ਕੀਤੇ, ਜਿਹਨਾਂ ਵਿੱਚ ਬਹਿਰੀਨ ਵਾਲੀ ਬੀਬੀ ਦੇ ਰਹਿਣ ਸਬੰਧੀ ਕੁਝ ਐਂਟਰੀਆਂ ਸ਼ਾਮਲ ਹਨ ਅਤੇ ਇਹਨਾਂ ਐਂਟਰੀਆਂ ਵਾਲੇ ਦਿਨਾਂ ਦੌਰਾਨ ਸਰਾਵਾਂ ਵਿੱਚ ਰਹਿਣ ਲਈ ਉਸ ਨੇ ਪੈਸੇ ਵੀ ਜਮ੍ਹਾਂ ਕਰਵਾਏ ਹਨ। ਇਹਨਾਂ ਐਂਟਰੀਆਂ ਦੇ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਸਬੰਧੀ ਰਜਿਸਟਰ ਵਿੱਚ ਲਗਪਗ ਸੱਤ ਵਾਰ ਉਸ ਦੇ ਨਾਮ ’ਤੇ ਐਂਟਰੀਆਂ ਹਨ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ ਰਹਿਣ ਸਬੰਧੀ ਅੱਠ ਐਂਟਰੀਆਂ ਦਰਜ ਹਨ, ਜਦੋਂ ਕਿ ਇੱਕ ਐਂਟਰੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਿਤ ਹੈ।
ਉਹਨਾਂ ਨੇ ਰਜਿਸਟਰ ਵਿੱਚ ਵਾਧੂ ਦਰਜ ਕੀਤੀਆਂ ਹੋਈਆਂ ਐਂਟਰੀਆਂ ਵੀ ਦਿਖਾਈਆਂ ਜੋ ਕਿ ਨਿਰਧਾਰਿਤ ਤਰੀਕਾਂ ਤੋਂ ਬਾਅਦ ਦਰਜ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੇ ਸੀਰੀਅਲ ਨੰਬਰ ਬਦਲੇ ਗਏ ਹਨ। ਉਹਨਾਂ ਦੱਸਿਆ ਕਿ ਜਿਸ ਮੁਲਾਜ਼ਮ ਵੱਲੋਂ ਇਹ ਵਾਧੂ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ, ਉਸ ਦੀ ਲਿਖਾਈ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਹਨ ਅਤੇ ਲਗਪਗ ਉਸ ਦੀ ਸ਼ਨਾਖਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦਾ ਇੰਚਾਰਜ ਅਮਰੀਕ ਸਿੰਘ ਸ਼ਾਮਲ ਹੈ। ਉਹਨਾਂ ਇਹ ਵੀ ਦੱਸਿਆ ਕਿ ਉਸ ਤੋਂ ਇਲਾਵਾ ਕੁਝ ਹੋਰ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਹਨਾਂ ਦੇ ਖ਼ਿਲਾਫ਼ ਅੱਜ ਸ਼ਾਮ ਤੱਕ ਵਿਭਾਗੀ ਕਾਰਵਾਈ ਹੋਵੇਗੀ।
ਧਾਮੀ ਨੇ ਦੱਸਿਆ ਕਿ ਬਹਿਰੀਨ ਵਾਲੀ ਬੀਬੀ ਵੱਲੋਂ ਸਿਹਤ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕੋਲ ਮਦਦ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਅੰਤਰਿੰਗ ਕਮੇਟੀ ਵਿੱਚ ਪਾਸ ਕਰਨ ਮਗਰੋਂ ਉਸ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ। ਇਸ ਅਰਜ਼ੀ ਦੇ ਨਾਲ ਉਸ ਨੇ ਆਪਣੀਆਂ ਕੁਝ ਮੈਡੀਕਲ ਰਿਪੋਰਟਾਂ ਵੀ ਲਾਈਆਂ ਸਨ, ਜਿਸ ਵਿੱਚ ਉਸ ਨੂੰ ਮਾਨਸਿਕ ਰੋਗ ਨਾਲ ਸਬੰਧਿਤ ਬਿਮਾਰੀ ਦਾ ਜ਼ਿਕਰ ਸ਼ਾਮਲ ਹੈ।
ਉਹਨਾਂ ਦਾਅਵਾ ਕੀਤਾ ਕਿ ਇਸ ਸਬੰਧੀ ਕੋਈ ਰਿਕਾਰਡ ਨਹੀਂ ਹੈ ਕਿ ਬੀਬੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵਾਹਨ ਅਤੇ ਡਰਾਈਵਰ ਸਮੇਤ ਕੋਈ ਵੀ.ਆਈ.ਪੀ. ਟਰੀਟਮੈਂਟ (VIP Treatment) ਦਿੱਤੀ ਗਈ ਹੈ।
ਉਹਨਾਂ ਇੱਕ ਵਾਰ ਮੁੜ ਇਸ ਮਾਮਲੇ ਦੀ ਸੀ.ਬੀ.ਆਈ. (CBI) ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਣਾਈ ਗਈ ਪੁਲੀਸ ਜਾਂਚ ਟੀਮ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਟਰਾਇਲ ਬਣਾ ਦਿੱਤਾ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉਹਨਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਜਾਣ-ਬੁੱਝ ਕੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਜੋ ਸਿੱਖ ਸੰਸਥਾ ਦੀ ਸਾਖ ਨੂੰ ਢਾਹ ਲਾਈ ਜਾ ਸਕੇ।
ਉਹਨਾਂ ਦੋਸ਼ ਲਾਇਆ ਕਿ ਇਹ ਮਾਮਲਾ ਸਿਆਸੀ ਮੁਫ਼ਾਦਾਂ ਨਾਲ ਪ੍ਰੇਰਿਤ ਹੈ, ਜਿਸ ਦਾ ਮੁੱਖ ਮੰਤਵ ਸਿੱਖ ਸੰਸਥਾ ਨੂੰ ਨੁਕਸਾਨ ਪਹੁੰਚਾਉਣਾ ਹੈ। ਉਹਨਾਂ ਦਾਅਵਾ ਕੀਤਾ ਕਿ ਜੇਕਰ ਉਹਨਾਂ ਦੇ ਖ਼ਿਲਾਫ਼ ਕੋਈ ਵੀ ਦੋਸ਼ ਸਾਬਤ ਹੋਇਆ ਤਾਂ ਉਹ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਪਰ ਉਹਨਾਂ ’ਤੇ ਬੇਬੁਨਿਆਦ ਦੋਸ਼ ਨਾ ਲਾਏ ਜਾਣ। ਉਹਨਾਂ ਦਾਅਵਾ ਕੀਤਾ ਕਿ ਇਸ ਮਾਮਲੇ ਬਾਰੇ ਉਹਨਾਂ ਨੂੰ ਪਹਿਲਾਂ ਕੁਝ ਵੀ ਜਾਣਕਾਰੀ ਨਹੀਂ ਸੀ।
ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦਾ ਮੁੱਖ ਮੰਤਵ ਵਿਭਾਗੀ ਤੌਰ ’ਤੇ ਅੰਦਰੂਨੀ ਜਾਂਚ ਕਰਨਾ ਹੈ। ਇਸ ਬੀਬੀ ਦਾ ਇੱਥੇ ਆਉਣ ਦਾ ਕੀ ਮੰਤਵ ਸੀ, ਇਸ ਨੂੰ ਕੌਣ ਲੈ ਕੇ ਆਇਆ ਅਤੇ ਕਿਉਂ ਲੈ ਕੇ ਆਇਆ, ਇਸ ਨਾਲ ਜਾਂਚ ਕਮੇਟੀ ਦਾ ਕੋਈ ਮੰਤਵ ਨਹੀਂ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫ਼ਾਰਗ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਮਲਕੀਤ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਇੱਕ ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਇਸੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤਾ ਗਿਆ ਅਸਤੀਫ਼ਾ ਵੀ ਪ੍ਰਵਾਨ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਬਹਿਰੀਨ ਵਾਲੀ ਬੀਬੀ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਨਾਮਜ਼ਦ ਕੀਤਾ ਗਿਆ ਸੀ।

