ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨੋਂ ਫਾਰਮੈਟਾਂ ਵਿੱਚ ਕਪਤਾਨੀ ਦਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਆਗੂ ਵਜੋਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ ਅਤੇ ਹੁਣ ਉਹ “ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਨ।” ਹਰਮਨਪ੍ਰੀਤ ਦਾ ਇਹ ਐਲਾਨ ਗੁਹਾਟੀ ਵਿੱਚ ਬੀ.ਸੀ.ਸੀ.ਆਈ. (BCCI) ਦੀ ਇੱਕ ਸਮੀਖਿਆ ਬੈਠਕ ਤੋਂ ਬਾਅਦ ਆਇਆ ਹੈ, ਜੋ ਪਿਛਲੇ ਮਹੀਨਿਆਂ ਵਿੱਚ ਟੀਮ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਲਈ ਸੱਦੀ ਗਈ ਸੀ। ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿੱਚ ਹਰਮਨਪ੍ਰੀਤ, ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਸ਼ਾਮਲ ਸਨ। 37 ਸਾਲਾ ਹਰਮਨਪ੍ਰੀਤ ਨੇ 2016 ਵਿੱਚ ਟੀ-20 ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਉਹ ਇੱਕ ਦਹਾਕੇ ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ 2022 ਵਿੱਚ ਉਨ੍ਹਾਂ ਨੂੰ ਇਕ ਰੋਜ਼ਾ (ODI) ਟੀਮ ਦੀ ਕਪਤਾਨੀ ਸੌਂਪੀ ਗਈ ਅਤੇ 2023 ਵਿੱਚ ਉਹ ਤਿੰਨਾਂ ਫਾਰਮੈਟਾਂ ਦੀ ਅਗਵਾਈ ਕਰਨ ਲੱਗੇ।
ਉਨ੍ਹਾਂ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਲਿਖਿਆ, “ਅੱਜ ਮੈਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਰੇ ਫਾਰਮੈਟਾਂ ਤੋਂ ਕਪਤਾਨੀ ਛੱਡ ਰਹੀ ਹਾਂ।”
ਇੱਕ ਲੰਮੇ ਬਿਆਨ ਵਿੱਚ ਹਰਮਨਪ੍ਰੀਤ ਨੇ ਕਿਹਾ, “ਇਹ ਇੱਕ ਆਸਾਨ ਫ਼ੈਸਲਾ ਨਹੀਂ ਹੈ। ਇਸ ਵਿੱਚ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਪਲ ਸ਼ਾਮਲ ਹਨ ਜੋ ਬਾਕੀ ਦੀ ਜ਼ਿੰਦਗੀ ਮੇਰੇ ਨਾਲ ਰਹਿਣਗੇ।”
ਉਨ੍ਹਾਂ ਅੱਗੇ ਲਿਖਿਆ, “ਹੁਣ ਮੈਂ ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਾਂ। ਕਪਤਾਨੀ ਖ਼ਤਮ ਹੁੰਦੀ ਹੈ, ਪਰ ਸਫ਼ਰ ਜਾਰੀ ਰਹੇਗਾ।”
ਹਰਮਨਪ੍ਰੀਤ—ਜਿਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਪਹਿਲਾ ਇੱਕ-ਦਿਨਾ ਵਿਸ਼ਵ ਕੱਪ ਜਿੱਤਿਆ ਸੀ ਅਤੇ ਹਾਲ ਹੀ ਵਿੱਚ ਟੀ-20 ਫਾਰਮੈਟ ਵਿੱਚ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਹਾਸਲ ਕੀਤਾ ਸੀ—ਨੇ ਕਿਹਾ ਕਿ ਉਹ “ਭਰੇ ਮਨ ਨਾਲ ਪਰ ਪੂਰੇ ਸਕੂਨ ਨਾਲ” ਕਪਤਾਨੀ ਛੱਡ ਰਹੇ ਹਨ। ਉਨ੍ਹਾਂ ਕਿਹਾ, “ਕਿਉਂਕਿ ਮੈਂ ਸੱਚੇ ਦਿਲੋਂ ਮੰਨਦੀ ਹਾਂ ਕਿ ਮੇਰੀ ਟੀਮ ਇਸ ਵੇਲੇ ਇੱਕ ਚੰਗੀ ਸਥਿਤੀ ਵਿੱਚ ਹੈ।”
ਕ੍ਰਿਕਟ ਮੈਦਾਨ ‘ਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਜਾਣੀ ਜਾਂਦੀ ਹਰਮਨਪ੍ਰੀਤ ਨੇ 2017 ਦੇ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਖ਼ਿਲਾਫ਼ ਸੈਮੀਫਾਈਨਲ ‘ਚ ਨਾਬਾਦ 171 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਉਹ ਟੀ-20 ਅੰਤਰਰਾਸ਼ਟਰੀ ‘ਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਵੀ ਹਨ। ਇਸ ਤੋਂ ਇਲਾਵਾ, ਸਾਲ 2026 ਵਿੱਚ ਉਹ ਪੁਰਸ਼ ਜਾਂ ਮਹਿਲਾ ਕ੍ਰਿਕਟ ਵਿੱਚ 200 ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਕ੍ਰਿਕਟਰ ਬਣੀ। ਫਰਵਰੀ 2026 ਵਿੱਚ ਆਪਣਾ 356ਵਾਂ ਮੈਚ ਖੇਡ ਕੇ ਉਨ੍ਹਾਂ ਨੇ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਬਣਾਇਆ, ਜਦੋਂ ਕਿ ਸਤੰਬਰ 2026 ਵਿੱਚ ਉਹ 150 ਟੀ-20 ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਦੁਨੀਆ ਦੀ ਪਹਿਲੀ ਖਿਡਾਰੀ ਬਣੀ। ਉਨ੍ਹਾਂ ਨੂੰ 2017 ਵਿੱਚ ਖੇਡ ਜਗਤ ਦੇ ਵੱਕਾਰੀ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਪਤਾਨੀ ਛੱਡਣ ਤੋਂ ਬਾਅਦ ਵੀ ਉਹ ਇੱਕ ਖਿਡਾਰੀ ਦੇ ਤੌਰ ‘ਤੇ ਟੀਮ ਵਿੱਚ ਆਪਣੀ ਖੇਡ ਜਾਰੀ ਰੱਖਣਗੇ।

