ਚੰਡੀਗਡ਼੍ਹ : ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪੰਜ ਕਰੀਬੀਆਂ ’ਤੇ ਹੱਥੋ ਹੱਥ ਨਵੀਂ ਦਿੱਲੀ ਦੇ ਥਾਣਾ ਈ ਓ-2 ’ਚ ਐੱਫ ਆਈ ਆਰ ਦਰਜ ਕੀਤੀ ਜੋ ਬੁੱਧਵਾਰ ਨੂੰ ਜਨਤਕ ਹੋਈ ਹੈ। ਇਸ ਮਾਮਲੇ ਦੀ ਜਾਂਚ ਸੀ ਬੀ ਆਈ ਦੇ ਏ ਐੱਸ ਪੀ ਕੇ ਐੱਲ ਮੋਸੇਸ ਨੂੰ ਸੌਂਪੀ ਗਈ ਹੈ। ਇਸੇ ਦੌਰਾਨ ਸੀ ਬੀ ਆਈ ਨੇ ਮੁੜ ਨਿਤਿਨ ਗੋਹਲ ਦੇ ਵੈਸਟਰਨ ਟਾਵਰਜ਼ ਵਿਚਲੇ ਘਰ ’ਚ ਕਰੀਬ ਦੋ ਘੰਟੇ ਤੱਕ ਛਾਣਬੀਣ ਕੀਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਈ ਡੀ ਨੇ ਫ਼ੌਰੀ ਈ-ਮੇਲ ਜ਼ਰੀਏ ਪੰਜਾਬ ਦੇ ਡੀ ਜੀ ਪੀ ਨੂੰ ਲਿਖੇ ਪੱਤਰਾਂ ਦੀ ਕਾਪੀ ਸੀ ਬੀ ਆਈ ਨੂੰ ਭੇਜ ਦਿੱਤੀ ਸੀ। ਸੀ ਬੀ ਆਈ ਨੇ 5 ਅਕਤੂਬਰ ਦੀ ਰਾਤ 11.49 ਵਜੇ ਹੀ 251 ਪੰਨਿਆਂ ਦੀ ਐੱਫ ਆਈ ਆਰ (ਨੰਬਰ ਆਰ ਸੀ 2202026 ਈ 0013) ਦਰਜ ਕਰ ਦਿੱਤੀ ਸੀ। ਐੱਫ ਆਈ ਆਰ ਦਰਜ ਕਰਨ ਦੇ 17 ਘੰਟਿਆਂ ਬਾਅਦ ਹੀ ਸੀ ਬੀ ਆਈ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਐੱਫ ਆਈ ਆਰ ’ਚ ਸ਼ਿਕਾਇਤਕਰਤਾ ਈ ਡੀ ਦੇ ਸਹਾਇਕ ਡਾਇਰੈਕਟਰ ਅਕਸ਼ੈ ਕੁਮਾਰ ਹਨ।
ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ ਐੱਸ ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 120 ਬੀ, ਬੀ ਐੱਨ ਐੱਸ ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7 ਏ, 8 ਅਤੇ 12 ਤਹਿਤ ਕੇਸ ਕੀਤਾ ਗਿਆ ਹੈ। ਐੱਫ ਆਈ ਆਰ ਅਨੁਸਾਰ ਇਹ ਅਪਰਾਧ ਸਾਲ 2023 ਤੋਂ 2026 ਦੇ ਸਮੇਂ ਦੌਰਾਨ ਵਾਪਰਿਆ।
ਐੱਫ ਆਈ ਆਰ ’ਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ’ਚ ਦਖ਼ਲ, ਟੈਂਡਰਾਂ ਤੇ ਅਸਲਾ ਲਾਇਸੈਂਸਾਂ ਆਦਿ ’ਚ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ। ਖ਼ਾਸ ਗੱਲ ਇਹ ਹੈ ਕਿ ਸੀ ਬੀ ਆਈ ਨੇ ਇਸ ਮਾਮਲੇ ਦੀ ਐੱਫ ਆਈ ਆਰ ਦਿੱਲੀ ’ਚ ਦਰਜ ਕੀਤੀ ਹੈ। ਸੂਤਰਾਂ ਮੁਤਾਬਕ ਸੀ ਬੀ ਆਈ ਦੀਆਂ ਜਿਨ੍ਹਾਂ ਟੀਮਾਂ ਵੱਲੋਂ ਛਾਪੇ ਮਾਰੇ ਗਏ ਸਨ, ਉਨ੍ਹਾਂ ’ਚ ਪੰਜਾਬ ਤੇ ਚੰਡੀਗੜ੍ਹ ਦੇ ਕਿਸੇ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਐੱਫ ਆਈ ਆਰ ’ਚ ਹਾਈ ਕੋਰਟ ਦੇ 66 ਪੰਨਿਆਂ ਦੇ ਫ਼ੈਸਲੇ ਅਤੇ ਈ ਡੀ ਵੱਲੋਂ ਲਿਖੇ ਪੱਤਰਾਂ ’ਚ ਦਰਜ ਚੈਟਾਂ ਦੇ ਪੂਰੇ ਵੇਰਵੇ ਸ਼ਾਮਲ ਹਨ। ਇਨ੍ਹਾਂ ’ਚ ਆਰ ਐੱਸ ਨਾਗਰਾ, ਜਿਤਿਨ ਗੋਹਲ, ਨਿਤਿਨ ਗੋਹਲ, ਕਾਕੂ ਆਹਲੂਵਾਲੀਆ, ਚੁਸਪਿੰਦਰ ਚਹਿਲ, ਆਈ ਪੀ ਐੱਸ ਅਧਿਕਾਰੀ ਤੁਸ਼ਾਰ ਗੁਪਤਾ ਅਤੇ ਅੰਮ੍ਰਿਤਪਾਲ ਢੀਂਡਸਾ ਦੀਆਂ ਚੈਟਾਂ ਸ਼ਾਮਲ ਹਨ। ਐੱਫ ਆਈ ਆਰ ’ਚ ਫ਼ਰਜ਼ੀ ਇੰਟਰਨਸ਼ਿਪ ਪੱਤਰਾਂ ਅਤੇ ਕੋਰਸ ਜਾਰੀ ਕਰਨ ਸਬੰਧੀ ਚੈਟਾਂ, ਮਰਸੀਡੀਜ਼ ਸਬੰਧੀ ਕੀਤੀ ਗਈ ਨਗ਼ਦ ਅਦਾਇਗੀ ਦੇ ਵੇਰਵੇ, ਜਸ਼ਨਦੀਪ ਸਿੰਘ ਅਤੇ ਹਵਾਲਾ ਰਾਹੀਂ ਕੀਤੀਆਂ ਅਦਾਇਗੀਆਂ ਅਤੇ ਇੱਕ ਆਈ ਐੱਫ਼ ਐੱਸ ਅਧਿਕਾਰੀ ਵੱਲੋਂ ਕੀਤੀ ਅਦਾਇਗੀ ਦਾ ਵੀ ਜ਼ਿਕਰ ਹੈ। ਕਥਿਤ ਤੌਰ ’ਤੇ ਮੁਲਜ਼ਮਾਂ ਦੇ ਪ੍ਰਭਾਵ ਹੇਠ ਕੀਤੇ ਗਏ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਵੀ ਕੇਸ ਨਾਲ ਨੱਥੀ ਕੀਤੇ ਗਏ ਹਨ।

