IndiGo lightning strike: 17 ਹਜ਼ਾਰ ਫੁੱਟ ਦੀ ਉਚਾਈ ’ਤੇ ਬਿਜਲੀ ਦੀ ਲਪੇਟ ਵਿੱਚ ਆਇਆ ਇੰਡੀਗੋ ਦਾ ਜਹਾਜ਼

IndiGo lightning strike: 17 ਹਜ਼ਾਰ ਫੁੱਟ ਦੀ ਉਚਾਈ ’ਤੇ ਬਿਜਲੀ ਦੀ ਲਪੇਟ ਵਿੱਚ ਆਇਆ ਇੰਡੀਗੋ ਦਾ ਜਹਾਜ਼

ਚੰਡੀਗੜ੍ਹ : ਪਟਨਾ ਤੋਂ ਲਖਨਊ ਆ ਰਹੀ ਇੰਡੀਗੋ ਦੀ ਉਡਾਣ ਬੁੱਧਵਾਰ ਦੇਰ ਰਾਤ ਕਰੀਬ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਖ਼ਰਾਬ ਮੌਸਮ ਦੌਰਾਨ ਬਿਜਲੀ ਦੀ ਲਪੇਟ ਵਿੱਚ ਆ ਗਈ। ਬਿਜਲੀ ਟਕਰਾਉਣ ਕਾਰਨ ਨਾਲ ਜਹਾਜ਼ ਦੇ ਅਗਲੇ ਹਿੱਸੇ ਵਿੱਚ ਲੱਗਿਆ ਨੋਜ਼ ਰੈਡੋਮ ਨੁਕਸਾਨਿਆ ਗਿਆ। ਜਹਾਜ਼ ਵਿੱਚ 104 ਯਾਤਰੀ ਅਤੇ ਛੇ ਕਰੂ ਮੈਂਬਰ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ ਸੰਖਿਆ 6ਈ925 ਨੇ ਪਟਨਾ ਤੋਂ ਕਰੀਬ 3:10 ਵਜੇ ਉਡਾਣ ਭਰੀ ਸੀ। ਲਖਨਊ ਨੇੜੇ ਖ਼ਰਾਬ ਮੌਸਮ ਦੌਰਾਨ ਆਕਾਸ਼ੀ ਬਿਜਲੀ ਜਹਾਜ਼ ਨਾਲ ਟਕਰਾ ਗਈ। ਪਾਇਲਟਾਂ ਨੇ ਏ.ਟੀ.ਸੀ. (ATC) ਨੂੰ ਇਸ ਦੀ ਸੂਚਨਾ ਦਿੱਤੀ ਅਤੇ ਜਹਾਜ਼ ਨੂੰ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ। ਜਹਾਜ਼ ਕਰੀਬ 4:04 ਵਜੇ ਲੈਂਡ ਹੋਇਆ, ਜੋ ਤੈਅ ਸਮੇਂ ਤੋਂ ਲਗਪਗ ਅੱਠ ਮਿੰਟ ਪਹਿਲਾਂ ਸੀ। ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਪਾਰਕਿੰਗ ਬੇਅ ਵਿੱਚ ਪਹੁੰਚਣ ‘ਤੇ ਇਸ ਦੇ ਅਗਲੇ ਹਿੱਸੇ ਵਿੱਚ ਨੁਕਸਾਨ ਦਾ ਪਤਾ ਲੱਗਾ। ਇਸ ਤੋਂ ਬਾਅਦ ਜਹਾਜ਼ ਨੂੰ ਖੜ੍ਹਾ ਦਿੱਤਾ ਗਿਆ। ਇੰਜੀਨੀਅਰ ਇਸ ਦੀ ਤਕਨੀਕੀ ਜਾਂਚ ਕਰ ਰਹੇ ਹਨ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਅਵੀਏਸ਼ਨ (DGCA) ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਰੂਰੀ ਤਕਨੀਕੀ ਜਾਂਚ ਅਤੇ ਰੈਗੂਲੇਟਰੀ ਮਨਜ਼ੂਰੀ ਤੋਂ ਬਾਅਦ ਹੀ ਜਹਾਜ਼ ਨੂੰ ਦੁਬਾਰਾ ਸੇਵਾ ਵਿੱਚ ਸ਼ਾਮਲ ਕੀਤਾ ਜਾਵੇਗਾ।ਇਹ ਜਹਾਜ਼ ਅੱਗੇ ਲਖਨਊ ਤੋਂ ਅਹਿਮਦਾਬਾਦ ਜਾਣ ਵਾਲੀ ਉਡਾਣ ਵਜੋਂ ਸੰਚਾਲਿਤ ਹੋਣਾ ਸੀ। ਜਹਾਜ਼ ਦੇ ਖੜ੍ਹਣ ਤੋਂ ਬਾਅਦ ਇੰਡੀਗੋ ਨੇ ਯਾਤਰੀਆਂ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ, ਜਿਸ ਨਾਲ ਉਹ ਅਹਿਮਦਾਬਾਦ ਲਈ ਰਵਾਨਾ ਹੋਏ।

Share: