ਗੁਰੂਸਰ ਸੁਧਾਰ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਵਿੱਚ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੇ ਜੱਦੀ ਪਿੰਡ ਰਾਜੋਆਣਾ ਖ਼ੁਰਦ ਦੇ ਨੇੜਲੇ ਪਿੰਡ ਰਾਜੋਆਣਾ ਕਲਾਂ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿੱਚ ਤੜਕਸਾਰ ਗੋਲ਼ੀਬਾਰੀ ਦੀ ਘਟਨਾ ਕਾਰਨ ਇਲਾਕੇ ਵਿੱਚ ਖ਼ੌਫ਼ ਦਾ ਮਹੌਲ ਬਣ ਗਿਆ ਹੈ।
ਵੇਰਵਿਆਂ ਅਨੁਸਾਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਉਣ ਉਪਰੰਤ ਫ਼ਰਾਰ ਹੋ ਗਏ। ਘਟਨਾ ਤੜਕਸਾਰ ਕਰੀਬ 3 ਵਜੇ ਵਾਪਰੀ ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਖੋਲ੍ਹਣ ਬਾਅਦ ਬਾਬਾ ਬਲਦੇਵ ਸਿੰਘ ਇਸ਼ਨਾਨ ਕਰਨ ਚਲੇ ਗਏ ਤਾਂ ਹਮਲਾਵਰਾਂ ਨੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਧਾ ਫਾਇਰ ਮਾਰਿਆ, ਜੋ ਸ਼ੀਸ਼ੇ ਵਾਲੇ ਦਰਵਾਜ਼ੇ ਅਤੇ ਲੱਕੜ ਵਾਲੇ ਦਰਵਾਜ਼ੇ ਨੂੰ ਪਾਰ ਕਰ ਕੇ ਕੰਧ ਵਿੱਚ ਜਾ ਲੱਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਸ਼ਮਦੀਦ ਮੁੱਖ ਗ੍ਰੰਥੀ ਬਾਬਾ ਕੁਲਵੰਤ ਸਿੰਘ ਅਨੁਸਾਰ ਘਟਨਾ ਕਰੀਬ 3:10 ਵਜੇ ਦੀ ਹੈ, ਹਮਲਾਵਰ ਕੁਝ ਅਜੀਬ ਢੰਗ ਦੀ ਪੰਜਾਬੀ ਬੋਲਦੇ ਸਨ। ਗੋਲੀ ਚਲਾਉਣ ਬਾਅਦ ਉਹ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲੀਸ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਜਿਨ੍ਹਾਂ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ, ਪੁਲੀਸ ਕਪਤਾਨ (ਜਾਂਚ) ਸੰਜੀਵ ਕੁਮਾਰ, ਉਪ ਪੁਲੀਸ ਕਪਤਾਨ ਦਾਖਾ ਕਰਨ ਸਿੰਘ ਸੰਧੂ, ਸੀ.ਆਈ.ਏ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਨੇ ਹਾਲੇ ਤੱਕ ਕੁਝ ਵੀ ਕਹਿਣ ਤੋਂ ਸੰਕੋਚ ਕੀਤਾ ਅਤੇ ਜਲਦ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਗੱਲ ਆਖੀ ਹੈ।

