ਚੰਡੀਗਡ਼੍ਹ : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੁੱਧਵਾਰ ਨੂੰ ਤੇਜ਼ ਹਵਾ ਨਾਲ ਮੀਂਹ ਅਤੇ ਗੜੇ ਪਏ। ਮੀਂਹ ਮਗਰੋਂ ਤਾਪਮਾਨ ਡਿੱਗਣ ਕਾਰਨ ਜਿੱਥੇ ਲੋਕਾਂ ਨੇ ਗਰਮੀ ਤੋਂ ਮਹਿਸੂਸ ਕੀਤੀ, ਉਥੇ ਹੀ ਕਿਸਾਨਾਂ ਨੂੰ ਫਿਕਰ ’ਚ ਪਾ ਦਿੱਤਾ ਹੈ। ਮੌਸਮ ਵਿਭਾਗ ਨੇ 10 ਅਕਤੂਬਰ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਪੱਕੀ ਹੋਈ ਫਸਲ ਦੇ ਖਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ ਅਤੇ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਝੋਨੇ ਦੀ ਫਸਲ ਵੀ ਭਿੱਜ ਗਈ ਹੈ। ਮੀਂਹ ਕਾਰਨ ਫ਼ਸਲਾਂ ਦੀ ਵਾਢੀ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਜੇ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਫ਼ਸਲਾਂ ਵਿਛ ਸਕਦੀਆਂ ਹਨ, ਜਿਸ ਦਾ ਸਿੱਧਾ ਅਸਰ ਝਾੜ ’ਤੇ ਪਵੇਗਾ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਮੁਹਾਲੀ, ਹੁਸ਼ਿਆਰਪੁਰ, ਗੁਰਦਾਸਪੁਰ ਵਿੱਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਅਤੇ ਗੜੇਮਾਰੀ ਹੋਈ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ 7.8 ਐੱਮ ਐੱਮ, ਹੁਸ਼ਿਆਰਪੁਰ ਵਿੱਚ 5.5 ਐੱਮ ਐੱਮ, ਪਠਾਨਕੋਟ ਵਿੱਚ 15.5 ਐੱਮ ਐੱਮ, ਰੂਪਨਗਰ ਵਿੱਚ 4 ਐੱਮ ਐੱਮ ਅਤੇ ਹੋਰ ਕਈ ਇਲਾਕਿਆਂ ਵਿੱਚ ਹਲਕੀ ਕਿਣ-ਮਿਣ ਹੋਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 8, 9 ਤੇ 10 ਅਕਤੂਬਰ ਨੂੰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਵੀ ਪੈ ਸਕਦਾ ਹੈ।
Posted inChandigarh
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਗੜੇ ਪਏ

