ਸਟਾਕਹੋਮ : ਹੈਨਰੀ ਬੀ ਕੈਗਨ ਅਤੇ ਕੈਂਸੋ ਸੋਆਈ ਨੂੰ ਰਸਾਇਣਕ ਅਣੂਆਂ ’ਚ ਰਹੱਸਮਈ ਦਰਪਣੀ ਅਕਸ (ਮਿਰਸ ਇਮੇਜ) ਨੂੰ ਸੁਲਝਾਉਣ ਸਬੰਧੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਇਸ ਸਾਲ ਦਾ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਦੇਣ ਦਾ ਅੱਜ ਐਲਾਨ ਕੀਤਾ ਗਿਆ ਹੈ। ਰਸਾਇਣ ਵਿਗਿਆਨ ਲਈ ਨੋਬੇਲ ਕਮੇਟੀ ਦੇ ਮੁਖੀ ਹੀਨਰ ਲਿੰਕੇ ਨੇ ਕਿਹਾ, ‘‘ਹੈਨਰੀ ਕੈਗਨ ਅਤੇ ਕੈਂਸੋ ਸੋਆਈ ਨੇ ਸਦੀ ਤੋਂ ਵੱਧ ਪੁਰਾਣੀ ਰਸਾਇਣਕ ਗੁੱਥੀ ਸੁਲਝਾਈ ਹੈ ਕਿ ਕਿਸ ਤਰ੍ਹਾਂ ਹੋਮੋਕਿਰਾਲਿਟੀ (ਸਮਰੂਪਤਾ) ਖੁਦ ਹੀ ਪੈਦਾ ਹੋ ਸਕਦੀ ਹੈ। ਉਨ੍ਹਾਂ ਜੋ ਰਸਾਇਣਕ ਪ੍ਰਤੀਕਿਰਿਆਵਾਂ ਵਿਕਸਿਤ ਕੀਤੀਆਂ ਹਨ, ਉਹ ਸ਼ਾਨਦਾਰ ਹਨ।’’ ਕੈਗਨ (95) ਫਰਾਂਸ ਦੇ ਓਰਸੇ ਸਥਿਤ ਪੈਰਿਸ-ਸੁਦ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਜਪਾਨ ’ਚ ਜਨਮੇ ਸੋਆਈ ਟੋਕੀਓ ਦੀ ਵਿਗਿਆਨ ਯੂਨੀਵਸਿਟੀ ਨਾਲ ਜੁੜੇ ਹੋਏ ਹਨ। ਸੋਆਈ ਨੇ ਕਿਹਾ ਕਿ ਉਹ ਆਪਣੇ ਘਰ ਦੇ ਨੇੜੇ ਕੁਝ ਸਾਮਾਨ ਖ਼ਰੀਦ ਰਹੇ ਸਨ ਜਦੋਂ ਨੋਬੇਲ ਕਮੇਟੀ ਨੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ। ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਸਟਾਕਹੋਮ ’ਚ ਜੇਤੂਆਂ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਤਿੰਨ ਵਿਗਿਆਨੀਆਂ ਨੂੰ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਇਸ ਸਾਲ ਦੇ ਪੁਰਸਕਾਰਾਂ ਦੀ ਸ਼ੁਰੂਆਤ ਲੰਘੇ ਸੋਮਵਾਰ ਤਿੰਨ ਵਿਗਿਆਨੀਆਂ ਨੂੰ ਮੈਡੀਕਲ ਦੇ ਨੋਬੇਲ ਲਈ ਚੁਣੇ ਜਾਣ ਦੇ ਐਲਾਨ ਨਾਲ ਹੋਈ। ਬੀਤੇ ਦਿਨ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਭਲਕੇ ਸਾਹਿਤ ਲਈ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਨੋਬੇਲ ਅਮਨ ਇਨਾਮ ਅਤੇ ਇਸ ਮਗਰੋਂ ਅਰਥਸ਼ਾਸਤਰ ’ਚ ਨੋਬੇਲ ਯਾਦਗਾਰੀ ਪੁਰਸਕਾਰ ਦੇ ਜੇਤੂ ਦਾ ਨਾਂ ਐਲਾਨਿਆ ਜਾਵੇਗਾ।
Posted inSweden
Nobel Prize 2026: ਕੈਗਨ ਤੇ ਸੋਆਈ ਨੂੰ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ

