ਚੰਡੀਗੜ੍ਹ : ਪੰਜਾਬ ਦੀ ਸਿਆਸੀ ਤੇ ਜਨਤਕ ਚਰਚਾ ’ਚ ਅੱਜ ਕੱਲ੍ਹ ‘ਗੋਹਲ ਬ੍ਰਦਰਜ਼’ ਕੇਂਦਰ ਬਿੰਦੂ ਬਣੇ ਹੋਏ ਹਨ। ਸੀ ਬੀ ਆਈ ਵੱਲੋਂ 5 ਅਕਤੂਬਰ ਨੂੰ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪੰਜ ਕਰੀਬੀਆਂ ’ਤੇ ਐੱਫ਼ ਆਈ ਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ’ਚ ‘ਗੋਹਲ ਬ੍ਰਦਰਜ਼’ ਵੀ ਸ਼ਾਮਲ ਹਨ। ਪਹਿਲੀ ਵਾਰ ‘ਗੋਹਲ ਬ੍ਰਦਰਜ਼’ ਦਾ ਨਾਂ ਉਸ ਵੇਲੇ ਉੱਭਰਵੇਂ ਰੂਪ ’ਚ ਸਾਹਮਣੇ ਆਇਆ ਜਦੋਂ ਈ ਡੀ ਨੇ 7 ਮਈ 2026 ਨੂੰ ਖਰੜ ਦੇ ਵੈਸਟਰਨ ਟਾਵਰ ’ਚ ਛਾਪੇਮਾਰੀ ਕੀਤੀ ਸੀ। ਨੌਵੀਂ ਮੰਜ਼ਿਲ ਤੋਂ ਹੇਠਾਂ ਸੁੱਟੇ ਨੋਟਾਂ ਦੇ ਬੈਗਾਂ ਨੇ ਇਸ ਮਾਮਲੇ ਦਾ ਮੁੱਢ ਬੰਨ੍ਹ ਦਿੱਤਾ ਸੀ।
ਨਿਤਿਨ ਗੋਹਲ ਓ ਐੱਸ ਡੀ ਰਾਜਬੀਰ ਘੁੰਮਣ ਦਾ ਜਮਾਤੀ ਰਿਹਾ ਹੈ। ਨਿਤਿਨ ਗੋਹਲ ਅਤੇ ਜਿਤਿਨ ਗੋਹਲ ਦੋਵੇਂ ਸਕੇ ਭਰਾ ਹਨ। ਨਿਤਿਨ ਗੋਹਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਤੋਂ ਬੀ.ਟੈੱਕ ਦੀ ਡਿਗਰੀ 2004-08 ’ਚ ਕੀਤੀ ਅਤੇ ਐੱਮ.ਟੈੱਕ ਦੀ ਡਿਗਰੀ ਸ਼ਹੀਦ ਊਧਮ ਸਿੰਘ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੰਗੋਰੀ (ਮੁਹਾਲੀ) ਤੋਂ 2010-2013 ’ਚ ਕੀਤੀ। ਉਹ ਅਗਸਤ 2008 ’ਚ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਨਾਲ ਬਤੌਰ ਸਹਾਇਕ ਪ੍ਰੋਫੈਸਰ ਜੁੜਿਆ। ਸਿਆਸੀ ਉਭਾਰ ਤੋਂ ਪਹਿਲਾਂ ਉਹ ਆਈ ਟੀ ਸੈਕਟਰ ’ਚ ਕੰਮ ਕਰਦਾ ਸੀ ਅਤੇ ਉਸ ਨੇ ਮੁਹਾਲੀ ’ਚ ‘ਟੈਕਲਾਈਵ ਸਲਿਊਸ਼ਨਜ਼’ ਨਾਮ ਦੀ ਕੰਪਨੀ ਜਨਵਰੀ 2015 ’ਚ ਸ਼ੁਰੂ ਕੀਤੀ ਜਿਸ ਦਾ ਸਾਫ਼ਟਵੇਅਰ ਡਿਵੈਲਪਮੈਂਟ ਦਾ ਖੇਤਰ ਸੀ। ਉਸ ਨੇ ਮਈ 2018 ’ਚ ‘ਫੋਰਟੈੱਕ ਵੈੱਬ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਨਾਮ ਦੀ ਕੰਪਨੀ ਬਣਾਈ। ਉਹ ਪੰਜਾਬ ਸਰਕਾਰ ਦੇ ਪੋਰਟਲ ਬਣਾਉਣ ਲਈ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਸੀ। ਪੰਜਾਬ ਸਰਕਾਰ ਦੀਆਂ ਕਈ ਤਰ੍ਹਾਂ ਐਪਲੀਕੇਸ਼ਨਜ਼ ਦੀ ਟੈਸਟਿੰਗ ਦਾ ਕੰਮ ਵੀ ਕਰ ਰਿਹਾ ਸੀ। ‘ਆਪ’ ਸਰਕਾਰ ਬਣਨ ਮਗਰੋਂ ਜਮਾਤੀ ਹੋਣ ਦੇ ਨਾਤੇ ਰਾਜਬੀਰ ਘੁੰਮਣ ਨਾਲ ਨੇੜਤਾ ਬਣੀ। ਈ ਡੀ ਵੱਲੋਂ ਡੀ ਜੀ ਪੀ ਨੂੰ ਲਿਖੇ ਪੱਤਰਾਂ ’ਚ ਨਿਤਿਨ ਗੋਹਲ ਦੀ ਸਿਆਸੀ ਹੈਸੀਅਤ ਸਾਫ਼ ਝਲਕਦੀ ਹੈ ਕਿ ਕਿਵੇਂ ਉਹ ਪੋਸਟਿੰਗਾਂ ਅਤੇ ਤਾਇਨਾਤੀਆਂ ’ਚ ਭੂਮਿਕਾ ਨਿਭਾਉਂਦਾ ਰਿਹਾ ਹੈ। ਨਿਤਿਨ ਗੋਹਲ ਦਾ ਛੋਟਾ ਭਰਾ ਜਿਤਿਨ ਗੋਹਲ ਵੀ ਰਾਜਬੀਰ ਘੁੰਮਣ ਨਾਲ ਤਾਇਨਾਤ ਸੀ। ਜਿਤਿਨ ਗੋਹਲ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ ਹੋਈ ਹੈ। ਜਿਤਿਨ ਗੋਹਲ ਮਾਰਕਫੈੱਡ ਦੇ ਕਪੂਰਥਲਾ ਵਿਚਲੇ ਕੈਟਲ ਫੀਡ ਪਲਾਂਟ ’ਚ ਬਤੌਰ ਪ੍ਰੋਡਕਸ਼ਨ ਮੈਨੇਜਰ ਦਸੰਬਰ 2013 ਤੋਂ ਤਾਇਨਾਤ ਹੈ। ਮੌਜੂਦਾ ਸਰਕਾਰ ਦੌਰਾਨ ਮਾਰਕਫੈੱਡ ’ਚ ਜਿਤਿਨ ਗੋਹਲ ਬਹੁਤ ਪ੍ਰਭਾਵਸ਼ਾਲੀ ਚਿਹਰਾ ਰਿਹਾ। ‘ਆਪ’ ਸਰਕਾਰ ਨੇ ਜਿਤਿਨ ਗੋਹਲ ਨੂੰ ਤਨਖ਼ਾਹ ਦਾ ਸਭ ਤੋਂ ਉੱਚਾ ਜਨਰਲ ਮੈਨੇਜਰ ਦਾ ਗਰੇਡ ਦਿੱਤਾ ਜਦੋਂ ਕਿ ਉਹ ਪ੍ਰੋਡਕਸ਼ਨ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹੈ। ਜਦੋਂ ਕਿ ਮਾਰਕਫੈੱਡ ਦੇ ਬਾਕੀ ਪੰਜ ਪਲਾਂਟਾਂ ਨੂੰ ਛੱਡ ਕੇ ਪ੍ਰੋਡਕਸ਼ਨ ਮੈਨੇਜਰ ਨੂੰ ਜਨਰਲ ਮੈਨੇਜਰ ਵਾਲਾ ਪੇਅ ਗਰੇਡ ਇਕੱਲੇ ਜਿਤਿਨ ਨੂੰ ਹੀ ਮਿਲਿਆ।
ਮਾਰਕਫੈੱਡ ਦੇ ਹਰ ਪਲਾਂਟ ’ਚ ਜਨਰਲ ਮੈਨੇਜਰ ਨੂੰ ਹੀ ਗੱਡੀ ਦੀ ਸਹੂਲਤ ਹੈ ਪ੍ਰੰਤੂ ਕਪੂਰਥਲਾ ਪਲਾਂਟ ’ਚ ਪ੍ਰੋਡਕਸ਼ਨ ਮੈਨੇਜਰ ਜਿਤਿਨ ਗੋਹਲ ਨੂੰ ਵੀ ਕਾਰ ਦੀ ਸਹੂਲਤ ਦਿੱਤੀ ਗਈ। ਚੇਤੇ ਰਹੇ ਕਿ ਕਪੂਰਥਲਾ ’ਚ ਮਾਰਕਫੈੱਡ ਦੇ ਕੈਟਲ ਫੀਡ ਪਲਾਂਟ ’ਚ ਸਬਸਿਡੀ ਵਾਲੀ ਯੂਰੀਆ ਖਾਦ ਵਰਤਣ ਦਾ ਘਪਲਾ ਹੋਇਆ ਸੀ। ਖੇਤੀ ਮਹਿਕਮੇ ਦੀ ਟੀਮ ਨੇ 17 ਜੂਨ 2026 ਨੂੰ ਚੈਕਿੰਗ ਕਰਕੇ ਇਸ ਫ਼ੈਕਟਰੀ ਚੋਂ 300 ਬੈਗ ਖੇਤੀ ਸਬਸਿਡੀ ਵਾਲਾ ਯੂਰੀਆ ਫੜਿਆ ਸੀ।
ਇਸ ਮਾਮਲੇ ’ਚ ਕਪੂਰਥਲਾ ਪਲਾਂਟ ਦੇ ਕਮਰਸ਼ੀਅਲ ਮੈਨੇਜਰ ਨੂੰ ਚਾਰਜਸ਼ੀਟ ਕੀਤਾ ਗਿਆ ਜਦੋਂ ਕਿ ਇਸ ਪਲਾਂਟ ਦੇ ਪ੍ਰੋਡਕਸ਼ਨ ਮੈਨੇਜਰ ਦਾ ਵਾਲ ਵਿੰਗਾ ਨਹੀਂ ਹੋਇਆ। ਬੇਸ਼ੱਕ ‘ਗੋਹਲ ਬ੍ਰਦਰਜ਼’ ਦੀ ਸਿਆਸੀ ਪੈਂਠ ਸਿਖ਼ਰਾਂ ’ਤੇ ਰਹੀ ਹੈ ਪ੍ਰੰਤੂ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਬੇਦਾਗ਼ ਰਿਹਾ ਹੈ।
ਕਾਲਜ ’ਚ ਪ੍ਰਿੰਸੀਪਲ ਸੀ ‘ਗੋਹਲ ਬ੍ਰਦਰਜ਼’ ਦਾ ਪਿਤਾ
ਨਿਤਿਨ ਤੇ ਜਿਤਿਨ ਗੋਹਲ ਦੇ ਪਿਤਾ ਬਿਹਾਰੀ ਲਾਲ ਗੋਹਲ ਪਹਿਲਾਂ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰਾਰ ਰਹੇ ਅਤੇ ਉਸ ਮਗਰੋਂ ਵਾਈਸ ਪ੍ਰਿੰਸੀਪਲ ਵਜੋਂ ਵੀ ਕੰਮ ਕੀਤਾ। ਸੇਵਾ ਮੁਕਤੀ ਤੋਂ ਪਹਿਲਾਂ ਉਹ ਮਲੇਰਕੋਟਲਾ ਦੇ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਸਨ। ਨਿਤਿਨ ਤੇ ਜਿਤਿਨ ਦੇ ਮਾਤਾ ਜੀ ਵੀ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਕੈਮਿਸਟਰੀ ਲੈਕਚਰਾਰ ਸਨ। ਪ੍ਰੋ. ਬਿਹਾਰੀ ਲਾਲ ਗੋਹਲ ਪਹਿਲਾਂ ਨਾਭਾ ਕਾਲਜ ਦੇ ਸਰਕਾਰੀ ਘਰ ’ਚ ਰਹਿੰਦੇ ਰਹੇ ਅਤੇ ਮਗਰੋਂ ਉਨ੍ਹਾਂ ਨੇ ਨਾਭਾ ਦੇ ਹੀਰਾ ਮਹਿਲ ਇਲਾਕੇ ’ਚ ਕੋਠੀ ਖ਼ਰੀਦ ਲਈ ਸੀ।

