ਸ੍ਰੀਹਰੀਕੋਟਾ : ਪੁਲਾੜ ਏਜੰਸੀ ਇਸਰੋ ਨੇ ਜੀ ਐੱਸ ਐੱਲ ਵੀ ਰਾਕੇਟ ਦੀ ਵਰਤੋਂ ਕਰਦਿਆਂ ਮੁਲਕ ਦਾ ਪਹਿਲਾ ਤਸਵੀਰਾਂ ਲੈਣ ਵਾਲਾ ਸੈਟੇਲਾਈਟ ਦਾਗ਼ ਕੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਮਿਸ਼ਨ ਨਾਲ ਜੁੜੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਸੈਟੇਲਾਈਟ ਆਸਮਾਨ ’ਚੋਂ ਧਰਤੀ ’ਤੇ ਨਜ਼ਰ ਰੱਖੇਗਾ ਅਤੇ ਉਹ ਖੇਤੀਬਾੜੀ ਤੇ ਆਫ਼ਤ ਪ੍ਰਬੰਧਨ ਸਮੇਤ ਹੋਰ ਖੇਤਰਾਂ ਦੀਆਂ ਤਸਵੀਰਾਂ ਖਿੱਚ ਕੇ ਮੁਲਕ ਨੂੰ ਸਹਿਯੋਗ ਦੇਵੇਗਾ। ਪੁਲਾੜ ਏਜੰਸੀ ਦੀ ਇਹ ਸਾਲ 2026 ’ਚ ਪਲੇਠੀ ਪ੍ਰਾਪਤੀ ਹੈ।
ਇਸਰੋ ਨੇ ਐਲਾਨ ਕੀਤਾ ਕਿ ਈ ਓ ਐੱਸ-05 ਸੈਟੇਲਾਈਟ ਦਾਗ਼ੇ ਜਾਣ ਦੇ ਕਰੀਬ 18 ਮਿੰਟਾਂ ਬਾਅਦ ਹੀ ਸਫਲਤਾਪੂਰਵਕ ਗ੍ਰਹਿ ਪੰਧ ’ਤੇ ਪੈ ਗਿਆ ਸੀ। ਪੁਲਾੜ ਏਜੰਸੀ ਨੇ ਈ ਓ ਐੱਸ-05 ਦੇ ‘ਜਾਸੂਸੀ ਸੈਟੇਲਾਈਟ’ ਹੋਣ ਦੇ ਖ਼ਦਸ਼ਿਆਂ ਨੂੰ ਨਕਾਰ ਦਿੱਤਾ ਹੈ। ਸੈਟੇਲਾਈਟ ਕਰੀਬ 36 ਹਜ਼ਾਰ ਕਿਲੋਮੀਟਰ ਉਪਰੋਂ ਧਰਤੀ ਦੀਆਂ ਤਸਵੀਰਾਂ ਲਵੇਗਾ। ਕਰੀਬ 2300 ਕਿਲੋਗ੍ਰਾਮ ਵਜ਼ਨੀ ਸੈਟੇਲਾਈਟ ਹੁਣ ਤੱਕ ਦਾ ਸਭ ਤੋਂ ਭਾਰੀ ਸੈਟੇਲਾਈਟ ਹੈ ਜਿਸ ਨੂੰ ਜੀ ਐੱਸ ਐੱਲ ਵੀ-17 ਨੇ ਸਥਾਪਤ ਕੀਤਾ ਹੈ। ਇਸਰੋ ਦੇ ਮੁਖੀ ਵੀ ਨਾਰਾਇਣਨ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੀ ਐੱਸ ਐੱਲ ਵੀ (ਡੀ1) ਦੀ ਪਹਿਲੀ ਲਾਂਚਿੰਗ 1536 ਕਿਲੋਗ੍ਰਾਮ ਦੀ ਸੀ ਅਤੇ ਹੌਲੀ-ਹੌਲੀ ਉਸ ਦੀ ਕਾਰਗੁਜ਼ਾਰੀ ’ਚ ਸੁਧਾਰ ਹੋਇਆ ਹੈ। ਉਨ੍ਹਾਂ ਸੈਟੇਲਾਈਟ ਅੰਕੜਿਆਂ ਦਾ ਹਵਾਲਾ ਦਿੰਦਿਆਂ ਪੁਸ਼ਟੀ ਕੀਤੀ ਕਿ ਸਾਰੀਆਂ ਪ੍ਰਣਾਲੀਆਂ ਠੀਕ ਢੰਗ ਨਾਲ ਕੰਮ ਕਰ ਰਹੀਆਂ ਹਨ। ਇਸਰੋ ਮੁਖੀ ਨੇ ਕਿਹਾ ਕਿ ਇਸ ਵਰ੍ਹੇ ਗਗਨਯਾਨ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਦੇ ਲਾਂਚ ਲਈ ਵੀ ਜ਼ੋਰਦਾਰ ਅਤੇ ਯੋਜਨਾਬੱਧ ਢੰਗ ਨਾਲ ਕੰਮ ਚੱਲ ਰਿਹਾ ਹੈ। ਮਿਸ਼ਨ ਡਾਇਰੈਕਟਰ ਥੌਮਸ ਕੁਰੀਅਨ ਨੇ ਕਿਹਾ ਕਿ ਇਹ ਸਭ ਤੋਂ ਭਾਰੀ ਸੈਟੇਲਾਈਟ ਹੈ ਜਿਸ ਨੂੰ ਜੀ ਐੱਸ ਐੱਲ ਵੀ ਨੇ ਲਾਂਚ ਕੀਤਾ ਹੈ।

