NEET Students Help: ਨੀਟ ਪਾਸ ਕਰਨ ਵਾਲੇ ਲੋੜਵੰਦ ਬੱਚਿਆਂ ਲਈ ਫ਼ਰਿਸ਼ਤੇ ਬਣੇ ਦਾਨੀ ਸੱਜਣ, ਲੱਖਾਂ ਦੀ ਮਦਦ

NEET Students Help: ਨੀਟ ਪਾਸ ਕਰਨ ਵਾਲੇ ਲੋੜਵੰਦ ਬੱਚਿਆਂ ਲਈ ਫ਼ਰਿਸ਼ਤੇ ਬਣੇ ਦਾਨੀ ਸੱਜਣ, ਲੱਖਾਂ ਦੀ ਮਦਦ

ਚੰਡੀਗਡ਼੍ਹ : ਉਨ੍ਹਾਂ ਹੋਣਹਾਰ ਬੱਚਿਆਂ ਲਈ ਦਾਨੀ ਸੱਜਣ ਸੱਚਮੁੱਚ ਫ਼ਰਿਸ਼ਤੇ ਬਣ ਬਹੁੜੇ ਹਨ, ਜਿਨ੍ਹਾਂ ਨੇ ਮੁਕਾਬਲਾ ਪ੍ਰੀਖਿਆ (ਨੀਟ) ’ਚ ਤਾਂ ਬਾਜ਼ੀ ਮਾਰ ਲਈ ਸੀ ਪਰ ਮੈਡੀਕਲ ਕਾਲਜ ਦੀ ਦਾਖਲਾ ਫੀਸ ਭਰਨੋਂ ਬੇਵੱਸ ਸਨ। ਇਨ੍ਹਾਂ ਹੋਣਹਾਰਾਂ ਲਈ ਲੱਖਾਂ ਰੁਪਏ ਦੀ ਫੀਸ ਡਾਕਟਰ ਬਣਨ ਦੇ ਸੁਪਨੇ ਅੱਗੇ ਕੰਧ ਬਣ ਗਈ ਸੀ। ‘ਪੰਜਾਬੀ ਟ੍ਰਿਬਿਊਨ’ ਨੇ ਪਹਿਲੀ ਸਤੰਬਰ ਨੂੰ ‘ਫੀਸ ਅੱਗੇ ਢਹਿ-ਢੇਰੀ ਹੋਏ ਸੁਪਨੇ’ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ, ਜਿਸ ਮਗਰੋਂ ਦਾਨੀ ਸੱਜਣਾਂ ਨੇ ਇਨ੍ਹਾਂ ਬੱਚਿਆਂ ਤੱਕ ਪਹੁੰਚ ਬਣਾਈ। ਕਰੀਬ 21 ਦਾਨੀ ਸੱਜਣ ਇਨ੍ਹਾਂ ਬੱਚਿਆਂ ਦੀ ਬਾਂਹ ਬਣੇ, ਜਿਨ੍ਹਾਂ ਨੇ 5.09 ਲੱਖ ਦੀ ਵਿੱਤੀ ਮਦਦ ਕੀਤੀ ਹੈ।

ਮੈਰੀਟੋਰੀਅਸ ਸਕੂਲ ਬਠਿੰਡਾ ਦੇ ਅਧਿਆਪਕ ਮਨਜੀਤ ਸਿੰਘ ਨੇ ਵੇਰਵੇ ਸਾਂਝੇ ਕੀਤੇ ਕਿ ਦਾਨੀ ਸੱਜਣਾਂ ਨੇ ਇਨ੍ਹਾਂ ਬੱਚਿਆਂ ਦੀ ਫੀਸ ਭਰ ਦਿੱਤੀ ਹੈ। ਪਿੰਡ ਆਲਮਵਾਲਾ (ਮਲੋਟ) ਦੇ ਮਹਿਕਦੀਪ ਸਿੰਘ ਦੀ ਨੌਂ ਦਾਨੀ ਸੱਜਣਾਂ ਨੇ 2.75 ਲੱਖ ਰੁਪਏ ਦੀ ਮਦਦ ਕੀਤੀ। ਧੂਰੀ ਦੀ ਐੱਨ ਜੀ ਓ ਨੇ ਇੱਕ ਲੱਖ ਰੁਪਏ, ਸੁਨਾਮ ਦੇ ਇੱਕ ਸੱਜਣ ਨੇ 35 ਹਜ਼ਾਰ, ਲੁਧਿਆਣਾ ਦੀ ਅਕੈਡਮੀ ਦੇ ਸੁਖਵਿੰਦਰ ਸਿੰਘ ਨੇ 50 ਹਜ਼ਾਰ, ਪ੍ਰਬੋਧ ਭਾਰਤ ਫਾਊਂਡੇਸ਼ਨ ਨੇ 25 ਹਜ਼ਾਰ, ਸ਼ੁਭਕਰਮਨ ਫਾਊਂਡੇਸ਼ਨ ਮੁਕਤਸਰ ਨੇ 20 ਹਜ਼ਾਰ ਤੋਂ ਇਲਾਵਾ ਦੋ ਪੱਤਰਕਾਰਾਂ ਨੇ ਮਹਿਕਦੀਪ ਨੂੰ ਤਿਲਫੁਲ ਭੇਜਿਆ ਹੈ। ਹੋਣਹਾਰ ਮਹਿਕਦੀਪ ਨੇ ਬਾਰ੍ਹਵੀਂ ਵਿੱਚੋਂ 95.2 ਫ਼ੀਸਦੀ ਤੇ ਦਸਵੀਂ ’ਚੋਂ 90 ਫ਼ੀਸਦੀ ਅੰਕ ਹਾਸਲ ਕੀਤੇ ਸਨ ਅਤੇ ਨੀਟ ਦੀ ਪ੍ਰੀਖਿਆ ਦੀ ਕੋਚਿੰਗ ਲਈ ਉਸ ਦੀ ਮਾਂ ਪਰਵਿੰਦਰ ਕੌਰ ਨੂੰ ਕੰਨਾਂ ਦੇ ਕਾਂਟੇ ਅਤੇ ਪਿਤਾ ਕੁਲਵਿੰਦਰ ਸਿੰਘ ਨੂੰ ਛਾਪ ਵੇਚਣੀ ਪਈ ਸੀ। ਫੀਸ ਭਰਨ ਲਈ ਮਾਪਿਆਂ ਨੇ ਹੁਣ ਗਾਂ ਵੀ ਵੇਚ ਦਿੱਤੀ ਸੀ। ਦਾਨੀ ਸੱਜਣਾਂ ਨੇ ਉਸ ਦੀ ਮਿਹਨਤ ਮਿੱਟੀ ਹੋਣੋਂ ਬਚਾ ਲਈ। ਇਸ ਬੱਚੇ ਦੇ ਮਾਪੇ ਦਾਨੀ ਸੱਜਣਾਂ ਨੂੰ ਅਸੀਸਾਂ ਦਿੰਦੇ ਨਹੀਂ ਥੱਕ ਰਹੇ ਸਨ।

ਪਿੰਡ ਹੌਜ ਗੰਧੜ (ਫ਼ਾਜ਼ਿਲਕਾ) ਦੀ ਸੁਮਨਦੀਪ ਕੌਰ ਨੂੰ ਡਾਕਟਰ ਬਣਨ ਦੀ ਆਸ ਬੱਝੀ ਹੈ। ਇਸ ਲੜਕੀ ਨੇ ਬਾਰ੍ਹਵੀਂ ਵਿੱਚੋਂ 92 ਫ਼ੀਸਦੀ ਅਤੇ ਦਸਵੀਂ ’ਚੋਂ 90 ਫ਼ੀਸਦੀ ਅੰਕ ਹਾਸਲ ਕੀਤੇ ਸਨ। ਨੀਟ ਪ੍ਰੀਖਿਆ ’ਚ ਤਾਂ ਇਹ ਲੜਕੀ ਸਫਲ ਹੋ ਗਈ ਪਰ ਫੀਸ ਭਰਨ ਲਈ ਮਾਪੇ ਕਰਜ਼ੇ ਵਾਸਤੇ ਹੱਥ-ਪੈਰ ਮਾਰ ਰਹੇ ਸਨ। ਸੰਗਰੂਰ ਦੇ ਕਾਰੋਬਾਰੀ ਰਾਜੇਸ਼ ਗਰਗ ਨੇ ਇੱਕ ਲੱਖ, ਡਿਪਟੀ ਕਮਿਸ਼ਨਰ ਦਫ਼ਤਰ ਨੇ 20 ਹਜ਼ਾਰ, ਕਿਸਾਨ ਯੂਨੀਅਨ ਹੌਜ ਗੰਧੜ ਨੇ 15 ਹਜ਼ਾਰ ਦੀ ਵਿੱਤੀ ਮਦਦ ਕੀਤੀ ਹੈ। ਸੁਮਨਦੀਪ ਕੌਰ ਹੁਣ ਆਪਣੀ ਦਾਖ਼ਲਾ ਫੀਸ ਭਰ ਚੁੱਕੀ ਹੈ।

ਇਸੇ ਤਰ੍ਹਾਂ ਮਲੋਟ ਸ਼ਹਿਰ ਦੇ ਅਮਨ ਸਿੰਘ ਦੀ ਮਦਦ ਲਈ ਧੂਰੀ ਦੇ ਦਾਨੀ ਸੱਜਣ ਨੇ 20 ਹਜ਼ਾਰ, ਬਠਿੰਡਾ ਦੇ ਹਾਜੀ ਰਤਨ ਦੇ ਬਲਵਿੰਦਰ ਸਿੰਘ ਨੇ 40 ਹਜ਼ਾਰ ਅਤੇ ਪਟਿਆਲਾ ਦੇ ਐੱਸ ਐੱਸ ਪੀ ਦਫ਼ਤਰ ਦੇ ਗੁਰਚਰਨ ਸਿੰਘ ਨੇ 25 ਹਜ਼ਾਰ ਦੀ ਵਿੱਤੀ ਮਦਦ ਕੀਤੀ ਹੈ। ਅਮਨ ਸਿੰਘ ਨੇ ਬਾਰ੍ਹਵੀਂ ਵਿੱਚੋਂ 96.2 ਫ਼ੀਸਦੀ ਅਤੇ ਦਸਵੀਂ ’ਚੋਂ 89.5 ਫ਼ੀਸਦੀ ਅੰਕ ਲਏ ਸਨ। ਅਮਨ ਦਾ ਪਿਤਾ ਰਾਜਵਿੰਦਰ ਸਿੰਘ ਲੋਹੇ ਦੀ ਫੈਕਟਰੀ ’ਚ ਮਜ਼ਦੂਰੀ ਕਰਦਾ ਹੈ। ਮਾਂ ਜਸਵੀਰ ਕੌਰ ਕੋਲ ਫੀਸ ਦੇ ਪ੍ਰਬੰਧ ਲਈ ਅਰਦਾਸਾਂ ਕਰ ਰਹੀ ਸੀ। ਆਖ਼ਰ ਉਸ ਦੀ ਅਰਦਾਸ ਸੁਣੀ ਗਈ। ਦਾਨੀ ਸੱਜਣਾਂ ਨੇ ਕਿਹਾ ਕਿ ਇਹ ਕਾਬਲ ਬੱਚੇ ਸਮਾਜ ਦੀ ਪੂੰਜੀ ਹਨ, ਜਿਨ੍ਹਾਂ ਪ੍ਰਤੀ ਉਨ੍ਹਾਂ ਆਪਣਾ ਫ਼ਰਜ਼ ਨਿਭਾਇਆ ਹੈ।

ਸਰਕਾਰ ਦੇ ਦਰੋਂ ਮਦਦ ਦੀ ਉਡੀਕ

ਸਰਕਾਰੀ ਘਰੋਂ ਇਨ੍ਹਾਂ ਬੱਚਿਆਂ ਲਈ ਕੋਈ ਅਮਲੀ ਮਦਦ ਨਹੀਂ ਹੋਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਅਖ਼ਤਿਆਰੀ ਕੋਟੇ ਵਿੱਚੋਂ ਇਨ੍ਹਾਂ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਹਨ; ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੀ ਮਦਦ ਕਰਨਗੇ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਵੀ ਇਨ੍ਹਾਂ ਬੱਚਿਆਂ ਦੀ ਮਦਦ ਲਈ ਅਫਸਰਾਂ ਦੀ ਡਿਊਟੀ ਲਾਈ ਹੈ।

Share: