ਗੁਰੂਗ੍ਰਾਮ : ਉਦਯੋਗਿਕ ਸੰਸਥਾ ASSOCHAM ਦੀ ਨਵੀਂ ਰਿਪੋਰਟ ਅਨੁਸਾਰ ਕੌਮੀ ਰਾਜਧਾਨੀ ਖੇਤਰ (NCR) ਵਿੱਚ ਸਾਲ 2015 ਤੋਂ 2025 ਦੇ ਦਰਮਿਆਨ ਮਕਾਨਾਂ ਦੀਆਂ ਕੀਮਤਾਂ ਵਿੱਚ 193 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਇਸੇ ਸਮੇਂ ਦੌਰਾਨ ਨਵੇਂ ਰਿਹਾਇਸ਼ੀ ਪ੍ਰੋਜੈਕਟਾਂ ਵਿੱਚ 20 ਫ਼ੀਸਦੀ ਦੀ ਗਿਰਾਵਟ ਆਈ ਹੈ। “ਬਿਲਡਿੰਗ ਵਿਕਸਿਤ ਭਾਰਤ: Real Estate as a Catalyst for Growth ਨਾਂ ਦੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਐੱਨ.ਸੀ.ਆਰ. ਵਿੱਚ ਰਿਹਾਇਸ਼ੀ ਵਿਕਰੀ ਦੀ ਮਾਤਰਾ ਵਿੱਚ ਸਿਰਫ਼ 7 ਫ਼ੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ। ਇਹ ਅੰਕੜਾ ਸਪੱਸ਼ਟ ਕਰਦਾ ਹੈ ਕਿ ਬਾਜ਼ਾਰ ਹੁਣ ਆਮ ਖਰੀਦਦਾਰਾਂ ਦੀ ਪਹੁੰਚ ਦੀ ਥਾਂ ਮੁੱਖ ਤੌਰ ’ਤੇ ਉੱਚ-ਕੀਮਤ (ਪ੍ਰੀਮੀਅਮ) ਵਾਲੇ ਸੌਦਿਆਂ ਵੱਲ ਵੱਧ ਰਿਹਾ ਹੈ। ਇਸ ਬਦਲਾਅ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਐੱਨ.ਸੀ.ਆਰ. ਵਿੱਚ 1 ਕਰੋੜ ਤੋਂ ਵੱਧ ਕੀਮਤ ਵਾਲੇ ਘਰਾਂ ਦੀ ਵਿਕਰੀ ਦੀ ਹਿੱਸੇਦਾਰੀ, ਜੋ 2018 ਵਿੱਚ 18 ਫ਼ੀਸਦੀ ਸੀ, 2026 ਦੀ ਪਹਿਲੀ ਛਿਮਾਹੀ ਤੱਕ ਵੱਧ ਕੇ 84 ਫ਼ੀਸਦੀ ਤੱਕ ਪਹੁੰਚ ਗਈ ਹੈ। ਰਿਪੋਰਟ ਅਨੁਸਾਰ ਇਸੇ ਸਮੇਂ ਦੌਰਾਨ ਖੇਤਰ ਵਿੱਚ ਦਫ਼ਤਰਾਂ ਦੀ ਖਾਲੀ ਥਾਂ (ਆਫਿਸ ਵੈਕੈਂਸੀ) ਵੀ ਘਟ ਕੇ 14 ਫ਼ੀਸਦੀ ਰਹਿ ਗਈ ਹੈ।
ਰਿਪੋਰਟ ਵਿੱਚ ਐੱਨ.ਸੀ.ਆਰ. ਦੇ ਰੀਅਲ ਅਸਟੇਟ ਖੇਤਰ ਦੇ ਇਸ ਰੁਝਾਨ ਨੂੰ ‘ਵਾਲੀਅਮ ਦੇ ਵਿਸਥਾਰ ਦੀ ਥਾਂ ਕੀਮਤਾਂ ਦਾ ਕੇਂਦਰੀਕਰਨ’ ਕਰਾਰ ਦਿੱਤਾ ਗਿਆ ਹੈ। ਇਸ ਦਾ ਮੁੱਖ ਕਾਰਨ ਬਿਹਤਰ ਹੁੰਦੀ ਕਨੈਕਟੀਵਿਟੀ ਨੂੰ ਦੱਸਿਆ ਗਿਆ ਹੈ, ਜੋ ਆਮ ਰਿਹਾਇਸ਼ੀ ਸਪਲਾਈ ਵਧਾਉਣ ਦੀ ਬਜਾਏ ਕੁਝ ਚੋਣਵੇਂ ਪ੍ਰੀਮੀਅਮ ਮਾਈਕਰੋ-ਮਾਰਕੀਟਾਂ ਨੂੰ ਜ਼ਿਆਦਾ ਮਜ਼ਬੂਤ ਕਰ ਰਹੀ ਹੈ।
ਰਿਪੋਰਟ ਦੇ ਅੰਕੜਿਆਂ ਵਿੱਚ ਗੁਰੂਗ੍ਰਾਮ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ ਹੈ, ਜਿੱਥੇ ਬਰੂਕਫੀਲਡ ਇੰਡੀਆ ਰੀਅਲ ਅਸਟੇਟ ਟਰੱਸਟ ਦਾ 1.67 ਕਰੋੜ ਵਰਗ ਫੁੱਟ ਦਾ ਪੋਰਟਫੋਲੀਓ ਡੀ.ਐੱਲ.ਐੱਫ. (DLF) ਜ਼ੋਨ ਵਿੱਚ ਕੇਂਦਰਿਤ ਹੈ। ਰਿਪੋਰਟ ਵਿੱਚ ਗੈਰ-ਰੀਟ (Non-REIT) ਗ੍ਰੇਡ-ਏ ਇਮਾਰਤਾਂ ਦੀ ਵੱਡੀ ਪਾਈਪਲਾਈਨ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ, ਜੋ ਅਜਿਹੇ ਕਮਰਸ਼ੀਅਲ ਸਟਾਕ ਹਨ ਜੋ ਲਿਸਟਿਡ ਟਰੱਸਟਾਂ ਤੋਂ ਬਾਹਰ ਵਿਕਸਿਤ ਕੀਤੇ ਜਾ ਰਹੇ ਹਨ।
ਦੇਸ਼ ਦੇ ਪ੍ਰਮੁੱਖ ਅੱਠ ਮੈਟਰੋ ਸ਼ਹਿਰਾਂ – ਅਹਿਮਦਾਬਾਦ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਮੁੰਬਈ, ਐੱਨ.ਸੀ.ਆਰ. ਅਤੇ ਪੁਣੇ, ਦੇ ਅਧਿਐਨ ਵਿੱਚ ਐੱਨ.ਸੀ.ਆਰ. ਵਿੱਚ ਕੀਮਤਾਂ ਦਾ ਸਭ ਤੋਂ ਤੇਜ਼ ਵਾਧਾ ਅਤੇ ਨਵੇਂ ਪ੍ਰਾਜੈਕਟਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਬਾਕੀ ਸ਼ਹਿਰਾਂ ਨਾਲੋਂ ਵੱਖਰਾ ਰੁਝਾਨ ਹੈ। ਇਸ ਦੇ ਉਲਟ ਪੁਣੇ ਵਰਗੇ ਸ਼ਹਿਰਾਂ ਵਿੱਚ ਵਿਕਰੀ, ਨਵੇਂ ਪ੍ਰੋਜੈਕਟਾਂ ਅਤੇ ਕੀਮਤਾਂ ਵਿੱਚ ਇੱਕ ਸਮਾਨ ਤੇ ਸੰਤੁਲਿਤ ਵਾਧਾ ਦਰਜ ਕੀਤਾ ਗਿਆ ਹੈ।
ਇਹ ਸਿੱਟੇ ਇਹ ਸਪੱਸ਼ਟ ਕਰਦੇ ਹਨ ਕਿ ਐੱਨ.ਸੀ.ਆਰ., ਖਾਸ ਕਰਕੇ ਗੁਰੂਗ੍ਰਾਮ ਦਾ ਹਾਊਸਿੰਗ ਮਾਰਕੀਟ, ਆਮ ਮੱਧਵਰਗੀ ਖਰੀਦਦਾਰਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦਾ ਜਾ ਰਿਹਾ ਹੈ, ਭਾਵੇਂ ਕਿ ਖੇਤਰ ਦੇ ਕੁੱਲ ਵਿਕਾਸ ਦੇ ਅੰਕੜੇ ਮਜ਼ਬੂਤ ਨਜ਼ਰ ਆ ਰਹੇ ਹਨ।

