ਕਾਠਮੰਡੂ : ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਤੋਂ ਇੱਕ ਹੋਸ਼ ਉਡਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਤੁਰੰਤ ਲਏ ਫੈਸਲੇ ਅਤੇ ਸਮਝਦਾਰੀ ਨੇ 1,643 ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾ ਲਈਆਂ। ‘ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ’ ਵਿੱਚ ਬੁੱਧਵਾਰ ਸਵੇਰੇ ਆਮ ਦਿਨਾਂ ਵਾਂਗ ਚਹਿਲ-ਪਹਿਲ ਸੀ, ਪਰ ਅਚਾਨਕ ਵੱਜੀ ਸਕੂਲ ਦੀ ਘੰਟੀ ਪੜ੍ਹਾਈ ਲਈ ਨਹੀਂ, ਸਗੋਂ ਜ਼ਿੰਦਗੀ ਬਚਾਉਣ ਲਈ ਦੌੜਨ ਦਾ ਇਸ਼ਾਰਾ ਸੀ। ਖ਼ਤਰੇ ਦਾ ਸੁਨੇਹਾ ਮਿਲਦਿਆਂ ਹੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਪੂਰਾ ਸਕੂਲ ਪਾਣੀ ਦੇ ਤੇਜ਼ ਵਹਾਅ ਵਿੱਚ ਤਬਾਹ ਹੋ ਕੇ ਓਹਲੇ ਹੋ ਗਿਆ।
ਇਹ ਦਿਲ ਦਹਿਲਾ ਦੇਣ ਵਾਲਾ ਘਟਨਾਕ੍ਰਮ ਸਵੇਰੇ ਲਗਭਗ 9:20 ਵਜੇ ਵਾਪਰਿਆ। 47 ਸਾਲਾ ਪ੍ਰਿੰਸੀਪਲ ਅਤੇ ਅੰਗਰੇਜ਼ੀ ਦੇ ਅਧਿਆਪਕ ਰਾਜੇਂਦਰ ਦਵਾੜੀ ਨੂੰ ਲੱਗਦਾ ਸੀ ਕਿ ਨਦੀ ਤੋਂ 60 ਮੀਟਰ ਦੀ ਉੱਚਾਈ ’ਤੇ ਬਣੀ ਉਨ੍ਹਾਂ ਦੀ ਤਿੰਨ ਮੰਜ਼ਿਲਾ ਕੰਕਰੀਟ ਦੀ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਉਸੇ ਵੇਲੇ ਉਨ੍ਹਾਂ ਦੇ ਇੱਕ ਦੋਸਤ ਦਾ ਫੋਨ ਆਇਆ, ਜਿਸ ਨੇ ਚਿਤਾਵਨੀ ਦਿੱਤੀ ਕਿ ਹੇਠਲਾ ਪੂਰਾ ਪਿੰਡ ਹੜ੍ਹ ਦੀ ਲਪੇਟ ’ਚ ਆ ਕੇ ਬਰਬਾਦ ਹੋ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਉੱਪਰ ਆ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਿੰਸੀਪਲ ਦਵਾੜੀ ਨੇ ਬਿਨਾਂ ਦੇਰੀ ਕੀਤੇ ਸਕੂਲ ਖਾਲੀ ਕਰਨ ਦੇ ਹੁਕਮ ਦਿੱਤੇ। ਅਧਿਆਪਕਾਂ ਨੇ ਤੁਰੰਤ ਸਾਰੇ 1,643 ਵਿਦਿਆਰਥੀਆਂ ਨੂੰ ਪੈਦਲ ਹੀ ਉੱਚੀ ਪਹਾੜੀ ਵੱਲ ਭੇਜਿਆ, ਜਿੱਥੇ ਉਨ੍ਹਾਂ ਨੇ ਇੱਕ ਬੋਹੜ ਦੇ ਦਰੱਖਤ ਹੇਠਾਂ ਸ਼ਰਨ ਲਈ। ਬੱਚਿਆਂ ਦੇ ਉੱਚੀ ਜਗ੍ਹਾ ’ਤੇ ਪਹੁੰਚਦੇ ਹੀ ਨਦੀ ਦੇ ਵਿਕਰਾਲ ਰੂਪ ਨੇ ਪੂਰੇ ਸਕੂਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਮਾਰਤ ਦਾ ਨਾਮੋ-ਨਿਸ਼ਾਨ ਮਿਟ ਗਿਆ। ਜਿੱਥੇ ਪ੍ਰਿੰਸੀਪਲ ਦੀ ਮੁਸਤੈਦੀ ਨੇ ਹਜ਼ਾਰਾਂ ਪਰਿਵਾਰਾਂ ਦੇ ਚਿਰਾਗ ਬੁਝਣ ਤੋਂ ਬਚਾ ਲਏ, ਉੱਥੇ ਹੀ ਇਸ ਕੁਦਰਤੀ ਆਫ਼ਤ ਵਿੱਚ ਇੱਕ ਮੰਦਭਾਗੀ ਖ਼ਬਰ ਵੀ ਸਾਹਮਣੇ ਆਈ। ਸਕੂਲ ਦੀ ਇਮਾਰਤ ਵਿੱਚ ਫਸ ਜਾਣ ਕਾਰਨ ਸਟਾਫ਼ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਇਸ ਬਹਾਦਰੀ ਅਤੇ ਤੁਰੰਤ ਫੈਸਲਾ ਲੈਣ ਦੀ ਸਮਰੱਥਾ ਲਈ ਪ੍ਰਿੰਸੀਪਲ ਰਾਜੇਂਦਰ ਦਵਾੜੀ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।

