ਮੁੰਬਈ: ਗੋਵਿੰਦਾ ਦੀ ਮਸ਼ਹੂਰ ਫ਼ਿਲਮ ‘ਜੋਰੂ ਕਾ ਗੁਲਾਮ’ ਦੇ ਨਿਰਦੇਸ਼ਕ ਸ਼ਕੀਲ ਨੂਰਾਨੀ ਨੂੰ ਮਾਲਵਾਨੀ ਪੁਲੀਸ ਨੇ 33 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਨੂਰਾਨੀ ਨੇ ਆਉਣ ਵਾਲੇ ਫ਼ਿਲਮੀ ਪ੍ਰੋਜੈਕਟ ’ਤੇ ਚਰਚਾ ਕਰਨ ਦੇ ਬਹਾਨੇ ਔਰਤ ਨੂੰ ਮਾਲਵਾਨੀ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਇਆ ਸੀ, ਜਿੱਥੇ ਉਸ ਨੇ ਕਥਿਤ ਤੌਰ ’ਤੇ ਉਸ ਨਾਲ ਜਿਨਸੀ ਛੇੜਛਾੜ ਕੀਤੀ। ਦੋਸ਼ ਹੈ ਕਿ ਨੂਰਾਨੀ ਨੇ ਔਰਤ ਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਬਾਅਦ ਵਿੱਚ ਉਸ ਦੀ ਇੱਕ ਵੀਡੀਓ ਬਣਾ ਕੇ ਉਸ ਨੂੰ ਧਮਕਾਇਆ। ਮਾਲਵਾਨੀ ਪੁਲੀਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਨੂਰਾਨੀ ਨੂੰ ਬੋਰੀਵਲੀ ਛੁੱਟੀ ਵਾਲੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 12 ਅਗਸਤ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਕੀਲ ਨੂਰਾਨੀ ਵੱਲੋਂ ਨਿਰਦੇਸ਼ਿਤ ਫ਼ਿਲਮ ‘ਜੋਰੂ ਕਾ ਗੁਲਾਮ’ ਸਾਲ 2000 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਗੋਵਿੰਦਾ, ਟਵਿੰਕਲ ਖੰਨਾ, ਕਾਦਰ ਖ਼ਾਨ ਅਤੇ ਜੌਨੀ ਲੀਵਰ ਵਰਗੇ ਕਲਾਕਾਰ ਸਨ। ਇਸ ਤੋਂ ਇਲਾਵਾ ਉਸ ਨੇ ਸੁਨੀਲ ਸ਼ੈੱਟੀ ਦੀ ਫ਼ਿਲਮ ‘ਬੜੇ ਦਿਲਵਾਲਾ’ ਦਾ ਵੀ ਨਿਰਦੇਸ਼ਨ ਕੀਤਾ ਸੀ।

