Assam Flood: ਮ੍ਰਿਤਕਾਂ ਦੀ ਗਿਣਤੀ ਹੋਈ 100; 1.4 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Assam Flood: ਮ੍ਰਿਤਕਾਂ ਦੀ ਗਿਣਤੀ ਹੋਈ 100; 1.4 ਲੱਖ ਤੋਂ ਵੱਧ ਲੋਕ ਪ੍ਰਭਾਵਿਤ

ਗੁਹਾਟੀ : ਅਸਾਮ ਵਿੱਚ ਹੜ੍ਹ ਦੀ ਸਥਿਤੀ ਸੋਮਵਾਰ ਨੂੰ ਵੀ ਚਿੰਤਾਜਨਕ ਬਣੀ ਰਹੀ। ਸਰਕਾਰੀ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 100 ਤੱਕ ਪਹੁੰਚ ਗਈ ਹੈ, ਜਦੋਂਕਿ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਲਗਭਗ 1.4 ਲੱਖ ਲੋਕ ਇਸ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਜਿਸ ਨਾਲ ਨਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਤਰਾ ਵਧ ਗਿਆ ਹੈ।

ਅਥਾਰਟੀ ਵੱਲੋਂ ਜਾਰੀ ਰਿਪੋਰਟ ਅਨੁਸਾਰ ਗੋਲਾਘਾਟ ਅਤੇ ਕਾਰਬੀ ਆਂਗਲੌਂਗ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ। ਇਸ ਸਮੇਂ ਪੂਰੇ ਅਸਾਮ ਵਿੱਚ 456 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ 11,933 ਹੈਕਟੇਅਰ ਤੋਂ ਵੱਧ ਫ਼ਸਲੀ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੜ੍ਹ ਦਾ ਸਭ ਤੋਂ ਵੱਧ ਅਸਰ ਚਰਾਈਦੇਓ, ਦਰੰਗ, ਗੋਲਾਘਾਟ, ਜੋਰਹਾਟ, ਕਾਰਬੀ ਆਂਗਲੌਂਗ, ਨਗਾਓਂ ਅਤੇ ਸ਼ਿਵਸਾਗਰ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਗੋਲਾਘਾਟ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਲਗਭਗ 70,000 ਲੋਕ ਹੜ੍ਹ ਦੀ ਮਾਰ ਹੇਠ ਹਨ। ਇਸ ਤੋਂ ਬਾਅਦ ਸ਼ਿਵਸਾਗਰ ਵਿੱਚ 40,000 ਅਤੇ ਜੋਰਹਾਟ ਵਿੱਚ 16,000 ਤੋਂ ਵੱਧ ਲੋਕ ਪਾਣੀ ਦੇ ਤੇਜ਼ ਬਹਾਅ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰਸ਼ਾਸਨ ਨੇ ਦੱਸਿਆ ਕਿ ਗੋਲਾਘਾਟ ਅਤੇ ਨੁਮਾਲੀਗੜ੍ਹ ਵਿਖੇ ਧਨਸਿਰੀ ਨਦੀ ਅਤੇ ਸ਼੍ਰੀਭੂਮੀ ਵਿਖੇ ਕੁਸ਼ੀਆਰਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਧਨਸਿਰੀ ਨਦੀ ਦੇ ਵਧਦੇ ਜਲ ਪੱਧਰ ਨੂੰ ਦੇਖਦਿਆਂ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਸ਼ਾਸਨ ਵੱਲੋਂ ਛੇ ਜ਼ਿਲ੍ਹਿਆਂ ਵਿੱਚ 125 ਰਾਹਤ ਕੈਂਪ ਅਤੇ ਰਾਹਤ ਸਮੱਗਰੀ ਵੰਡ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ ਇਸ ਵੇਲੇ 49,061 ਪ੍ਰਭਾਵਿਤ ਲੋਕਾਂ ਨੂੰ ਸ਼ਰਨ ਦਿੱਤੀ ਗਈ ਹੈ।

Share: