ਮੁੰਬਈ : ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਬੁੱਧਵਾਰ ਨੂੰ ਛੇ ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 95.42 ਉੱਤੇ ਆ ਗਿਆ। ਬਰੈਂਟ ਕੱਚੇ ਤੇਲ ਦੀ ਕੀਮਤ ਕਰੀਬ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਅਤੇ ਅਮਰੀਕਾ-ਇਰਾਨ ਵਿਚਾਲੇ ਜਲਦੀ ਸਮਝੌਤੇ ਤੇ ਹਰਮੁਜ਼ ਜਲਮਾਰਗ ਦੇ ਮੁੜ ਖੁੱਲ੍ਹਣ ਦੀ ਉਮੀਦ ਘਟਨ ਕਾਰਨ ਰੁਪਏ ਉੱਤੇ ਦਬਾਅ ਪੈ ਰਿਹਾ ਹੈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਬਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਮੁੱਖ ਵਜ੍ਹਾ ਹਰਮੁਜ਼ ਜਲਮਾਰਗ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਹੈ। ਇੰਟਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 95.40 ਪ੍ਰਤੀ ਡਾਲਰ ਉੱਤੇ ਖੁੱਲ੍ਹਿਆ। ਬਾਅਦ ਵਿੱਚ ਇਹ ਫਿਸਲ ਕੇ 95.42 ਪ੍ਰਤੀ ਡਾਲਰ ਉੱਤੇ ਆ ਗਿਆ ਜੋ ਕਿ ਇਸ ਦੇ ਪਿਛਲੇ ਬੰਦ ਤੋਂ ਛੇ ਪੈਸੇ ਦੀ ਗਿਰਾਵਟ ਦਰਸਾਉਂਦਾ ਹੈ।
ਰੁਪਿਆ ਮੰਗਲਵਾਰ ਨੂੰ ਛੇ ਪੈਸੇ ਟੁੱਟ ਕੇ 95.36 ਪ੍ਰਤੀ ਡਾਲਰ ਉੱਤੇ ਬੰਦ ਹੋਇਆ ਸੀ। ਉੱਥੇ ਹੀ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸੰਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 35.99 ਅੰਕ ਟੁੱਟ ਕੇ 78,097.31 ਅੰਕ ਉੱਤੇ ਅਤੇ ਨਿਫਟੀ 31.15 ਅੰਕ ਫਿਸਲ ਕੇ 24,444.55 ਅੰਕ ਉੱਤੇ ਆ ਗਿਆ। ਕੌਮਾਂਤਰੀ ਤੇਲ ਸਟੈਂਡਰਡ ਬਰੈਂਟ ਕੱਚੇ ਤੇਲ ਦੀ ਕੀਮਤ ਇੱਕ ਪ੍ਰਤੀਸ਼ਤ ਵਧ ਕੇ 89.80 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਉੱਥੇ ਹੀ ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 258.55 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।

