ਜੇਲ੍ਹ ਵਿਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ Prajwal Revanna ਕੋਲੋਂ ਮੋਬਾਈਲ ਬਰਾਮਦ

ਜੇਲ੍ਹ ਵਿਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ Prajwal Revanna ਕੋਲੋਂ ਮੋਬਾਈਲ ਬਰਾਮਦ

ਨਵੀਂ ਦਿੱਲੀ : ਕਰਨਾਟਕ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਇਹ ਮੋਬਾਈਲ ਫੋਨ ਸੈਂਟਰਲ ਕ੍ਰਾਈਮ ਬ੍ਰਾਂਚ ਵੱਲੋਂ ਮਾਰੇ ਗਏ ਛਾਪੇ ਦੌਰਾਨ ਜਨਤਾ ਦਲ (ਐੱਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਬਰਾਮਦ ਹੋਇਆ ਹੈ। ਜੇਲ੍ਹ ਅਤੇ ਸੁਧਾਰ ਸੇਵਾਵਾਂ ਦੇ ਡੀ.ਜੀ.ਪੀ. ਆਲੋਕ ਕੁਮਾਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤੇ ਅਤੇ ਐੱਚ.ਡੀ. ਰੇਵੰਨਾ ਦੇ ਪੁੱਤਰ ਪ੍ਰਜਵਲ ਰੇਵੰਨਾ ਜਬਰ ਜਨਾਹ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।

ਡੀ.ਜੀ.ਪੀ. ਆਲੋਕ ਕੁਮਾਰ ਅਨੁਸਾਰ ਇਹ ਛਾਪੇਮਾਰੀ ਸਾਰੇ ਹਾਈ-ਪ੍ਰੋਫਾਈਲ ਕੈਦੀਆਂ ‘ਤੇ ਕੀਤੀ ਗਈ ਸੀ ਜੋ 4 ਤੋਂ 5 ਘੰਟੇ ਚੱਲੀ। ਇਸ ਦੌਰਾਨ ਪ੍ਰਤਾਪ ਰਾਏ ਨਾਮ ਦੇ ਇੱਕ ਹੋਰ ਕੈਦੀ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਹੋਇਆ। ਦੋਵਾਂ ਵਿਰੁੱਧ ਜੇਲ੍ਹ ਐਕਟ ਦੀ ਧਾਰਾ 42 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਜੇਲ੍ਹ ਦੇ ਅੰਦਰ ਨਿਯਮਾਂ ਦੀ ਉਲੰਘਣਾ ਕਰਨ ਅਤੇ ਪਾਬੰਦੀਸ਼ੁਦਾ ਵਸਤੂਆਂ ਰੱਖਣ ਨਾਲ ਸਬੰਧਿਤ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਬੰਧਿਤ ਸਹਾਇਕ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਜੇਲ੍ਹ ਦੇ ਐੱਸ.ਪੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਦਿੱਤੇ ਗਏ ਹਨ।ਪ੍ਰਜਵਲ ਰੇਵੰਨਾ ਦਾ ਪਿਛੋਕੜ ਅਤੇ ਕੇਸ ਦਾ ਵੇਰਵਾ

ਪ੍ਰਜਵਲ ਰੇਵੰਨਾ ਨੂੰ ਅਗਸਤ 2025 ਵਿੱਚ ਜਨਪ੍ਰਤੀਨਿਧੀਆਂ ਲਈ ਬਣੀ ਵਿਸ਼ੇਸ਼ ਅਦਾਲਤ ਵੱਲੋਂ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ ਵਿੱਚ ਸਥਿਤ ਇੱਕ ਫਾਰਮ ਹਾਊਸ ‘ਚ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਉਨ੍ਹਾਂ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ, ਜਿਸ ਵਿੱਚੋਂ 7 ਲੱਖ ਰੁਪਏ ਪੀੜਤ ਔਰਤ ਨੂੰ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸਾਬਕਾ ਜੇ.ਡੀ.(ਐੱਸ.) ਨੇਤਾ ਵਿਰੁੱਧ ਜਬਰ ਜਨਾਹ ਦੇ ਤਿੰਨ ਹੋਰ ਮਾਮਲੇ ਅਜੇ ਵੀ ਅਦਾਲਤ ਵਿੱਚ ਵਿਚਾਰਧੀਨ ਹਨ।

Share: