ਕਪੂਰਥਲਾ : ਰੇਲ ਕੋਚ ਫੈਕਟਰੀ (RCF) ਕਪੂਰਥਲਾ ਬੰਗਲਾਦੇਸ਼ ਰੇਲਵੇ ਲਈ 19 LHB ਬਰੌਡ-ਗੇਜ ਯਾਤਰੀ ਕੋਚਾਂ ਵਾਲੀ ਆਪਣੀ ਪਹਿਲੀ ਰੇਲ ਗੱਡੀ (ਰੇਕ) ਨੂੰ ਅੱਜ ਰਵਾਨਾ ਕਰਕੇ ਇੱਕ ਹੋਰ ਅਹਿਮ ਮੀਲ-ਪੱਥਰ ਹਾਸਲ ਕਰੇਗਾ। ਇਸ ਪ੍ਰਾਪਤੀ ’ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਧਾਈ ਦਿੱਤੀ ਹੈ। ਇਸ ਰੇਲ ਗੱਡੀ ਵਿੱਚ ਤਿੰਨ ਏਸੀ (AC) ਸਲੀਪਰ ਕੋਚ, ਤਿੰਨ ਏਸੀ ਚੇਅਰ ਕਾਰਾਂ, 11 ਨਾਨ-ਏਸੀ ਚੇਅਰ ਕਾਰਾਂ ਅਤੇ ਦੋ ਪਾਵਰ ਕਾਰਾਂ ਸ਼ਾਮਲ ਹਨ। ਇਨ੍ਹਾਂ ਕੋਚਾਂ ਵਿੱਚ ਕਈ ਵਿਸ਼ੇਸ਼ ਡਿਜ਼ਾਈਨ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ LHB-ਕਿਸਮ ਦੇ ਕੋਚਾਂ ਲਈ ਪਹਿਲੀ ਵਾਰ ਬਣਾਈਆਂ ਗਈਆਂ ਹਨ। ਇਹ ਕੋਚ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਅਤੇ ਯਾਤਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਖਾਸ ਤੌਰ ‘ਤੇ ਤਿਆਰ ਕੀਤੇ ਗਏ ਹਨ। ਯਾਤਰੀਆਂ ਦੇ ਆਰਾਮ ਨੂੰ ਵਧਾਉਣ ਲਈ ਏ ਸੀ ਅਤੇ ਗੈਰ-ਏ ਸੀ ਚੇਅਰ ਕੋਚਾਂ ਵਿੱਚ ਸਟੇਨਲੈੱਸ ਸਟੀਲ ਦੇ ਆਰਮਰੈਸਟ ਅਤੇ ਫੁੱਟਰੈਸਟ ਵਾਲੀਆਂ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਰੀਕਲਾਈਨਿੰਗ ਕੁਰਸੀਆਂ ਦਿੱਤੀਆਂ ਗਈਆਂ ਹਨ ਜੋ ਕਈ ਆਰਾਮਦਾਇਕ ਸਥਿਤੀਆਂ ਪ੍ਰਦਾਨ ਕਰਦੀਆਂ ਹਨ।
ਸੁਰੱਖਿਆ ਅਤੇ ਯਾਤਰੀ-ਕੇਂਦ੍ਰਿਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਏ ਸੀ ਕੋਚਾਂ ਵਿੱਚ ਪੱਖੇ, ਇੱਕ ਏਕੀਕ੍ਰਿਤ ਸੀ ਸੀ ਟੀ ਵੀ ਨਿਗਰਾਨੀ ਪ੍ਰਣਾਲੀ, ਯਾਤਰੀ ਅਲਾਰਮ ਸਿਸਟਮ, ਅੰਸ਼ਕ ਤੌਰ ‘ਤੇ ਖੁੱਲ੍ਹਣ ਵਾਲੀਆਂ ਖਿੜਕੀਆਂ, ਬੇਬੀ ਕੇਅਰ ਰੂਮ ਅਤੇ ਪ੍ਰਾਰਥਨਾ ਕਮਰਾ ਸ਼ਾਮਲ ਕੀਤੇ ਗਏ ਹਨ।
ਬੰਗਲਾਦੇਸ਼ ਵਿੱਚ ਖਾਸ ਸੰਚਾਲਨ ਸਥਿਤੀਆਂ ਨੂੰ ਮੱਦੇਨਜ਼ਰ ਰੱਖਦਿਆਂ, ਭੀੜ-ਭੜੱਕੇ ਦੌਰਾਨ ਛੱਤ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਕਾਰਨ ਹੋਣ ਵਾਲੇ ਵਾਧੂ ਭਾਰ ਨੂੰ ਸਹਿਣ ਲਈ ਕੋਚਾਂ ਦੀ ਛੱਤ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਇਨ੍ਹਾਂ ਕੋਚਾਂ ਦੀ ਇੱਕ ਮੁੱਖ ਤਕਨੀਕੀ ਵਿਸ਼ੇਸ਼ਤਾ ਯੂਰਪੀਅਨ ਸਟੈਂਡਰਡ EN 15227 ਦੇ ਅਨੁਸਾਰ ਕਰੈਸ਼-ਯੋਗ ਡਿਜ਼ਾਈਨ ਪ੍ਰਬੰਧਾਂ ਨੂੰ ਸ਼ਾਮਲ ਕਰਨਾ ਹੈ, ਜਿਸ ਲਈ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਾਰ ਬਾਡੀ ਸ਼ੈੱਲ ਨੂੰ ਵਿਆਪਕ ਤੌਰ ‘ਤੇ ਮੁੜ ਡਿਜ਼ਾਈਨ ਕਰਨ ਦੀ ਲੋੜ ਪਈ। ਇਸ ਤੋਂ ਇਲਾਵਾ, ਭਾਰਤੀ ਰੇਲਵੇ ਦੇ ਕੋਚਾਂ ਵਿੱਚ ਵਰਤੇ ਜਾਣ ਵਾਲੇ ਰਵਾਇਤੀ 750-ਵੋਲਟ ਸਿਸਟਮ ਦੇ ਉਲਟ, ਇਨ੍ਹਾਂ ਕੋਚਾਂ ਦੀ ਇਲੈਕਟ੍ਰੀਕਲ ਪ੍ਰਣਾਲੀ ਨੂੰ ਖਾਸ ਤੌਰ ‘ਤੇ 415-ਵੋਲਟ ਦੇ ਸੰਚਾਲਨ ਲਈ ਤਿਆਰ ਕੀਤਾ ਗਿਆ ਹੈ।
ਭਾਰਤ ਅਤੇ ਬੰਗਲਾਦੇਸ਼ ਰੇਲਵੇ ਦਾ ਸਹਿਯੋਗ ਅਤੇ ਨਵਾਂ ਆਰਡਰ
ਆਰ ਸੀ ਐੱਫ ਅਤੇ ਬੰਗਲਾਦੇਸ਼ ਰੇਲਵੇ ਵਿਚਕਾਰ ਸਹਿਯੋਗ ਦਾ ਇਤਿਹਾਸ 2015-16 ਤੋਂ ਚਲਿਆ ਆ ਰਿਹਾ ਹੈ, ਜਦੋਂ ਆਰ ਸੀ ਐੱਫ ਨੇ ਸਫਲਤਾਪੂਰਵਕ 120 ਐੱਲ ਐੱਹ ਬੀ ਬ੍ਰੌਡ-ਗੇਜ ਯਾਤਰੀ ਕੋਚ ਬੰਗਲਾਦੇਸ਼ ਰੇਲਵੇ ਨੂੰ ਸਪਲਾਈ ਕੀਤੇ ਸਨ। ਇਸ ਸਫਲ ਭਾਈਵਾਲੀ ਨੂੰ ਅੱਗੇ ਵਧਾਉਂਦੇ ਹੋਏ, ਬੰਗਲਾਦੇਸ਼ ਰੇਲਵੇ ਨੇ 2024 ਵਿੱਚ ਇੱਕ ਵਾਰ ਫਿਰ ਆਰ ਆਈ ਟੀ ਈ ਐੱ ਸ (RITES) ਰਾਹੀਂ ਆਰ ਸੀ ਐੱਫ ਨੂੰ ਸੱਤ ਵੱਖ-ਵੱਖ ਰੂਪਾਂ ਵਿੱਚ 200 ਬ੍ਰੌਡ-ਗੇਜ ਯਾਤਰੀ ਕੋਚਾਂ ਦੇ ਨਿਰਮਾਣ ਅਤੇ ਸਪਲਾਈ ਦਾ ਇੱਕ ਮਹੱਤਵਪੂਰਨ ਆਰਡਰ ਸੌਂਪਿਆ ਹੈ। ਪਹਿਲੇ 19 ਕੋਚਾਂ ਦੀ ਰੇਕ ਦੀ ਇਹ ਸ਼ੁਰੂਆਤ ਭਾਰਤ ਦੇ ਰੇਲਵੇ ਕੋਚ ਨਿਰਯਾਤ ਵਿੱਚ ਆਰ ਸੀ ਐੱਫ ਕਪੂਰਥਲਾ ਦੇ ਯੋਗਦਾਨ ਅਤੇ ਬੰਗਲਾਦੇਸ਼ ਰੇਲਵੇ ਨਾਲ ਇਸਦੇ ਲੰਬੇ ਸਮੇਂ ਦੇ ਸਬੰਧ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।

