ਪੰਜਾਬੀ ਟਰੱਕ ਡਰਾਈਵਰ ਨਾਲ ਨਸਲੀ ਦੁਰਵਿਹਾਰ ਤੇ ਕੁੱਟਮਾਰ ਦੇ ਦੋਸ਼, ਪੁਲੀਸ ਨੇ ਜਾਂਚ ਆਰੰਭੀ

ਪੰਜਾਬੀ ਟਰੱਕ ਡਰਾਈਵਰ ਨਾਲ ਨਸਲੀ ਦੁਰਵਿਹਾਰ ਤੇ ਕੁੱਟਮਾਰ ਦੇ ਦੋਸ਼, ਪੁਲੀਸ ਨੇ ਜਾਂਚ ਆਰੰਭੀ

ਵੈਨਕੂਵਰ : ਐਡਮੰਟਨ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਪਹਿਰਾਵੇ ਉੱਤੇ ਨਸਲੀ ਟਿੱਪਣੀਆਂ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੇ ਜਾਣ ਦੀ ਜਾਂਚ ਪੁਲੀਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਸਰੀ ਦਾ ਇਹ ਡਰਾਈਵਰ ਤਲਵਿੰਦਰ ਸਿੰਘ ਅਟਵਾਲ ਵਾਲਮਾਰਟ ਦਾ ਸਾਮਾਨ ਲੈ ਕੇ ਐਡਮੰਟਨ ਲਾਹੁਣ ਗਿਆ ਸੀ। ਤਲਵਿੰਦਰ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਦੱਸਿਆ ਕਿ ਇਹ ਘਟਨਾ 6 ਅਗਸਤ ਨੂੰ ਵਾਪਰੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਟਰੱਕ ਦਾ ਸਾਮਾਨ ਉਤਰਵਾ ਰਿਹਾ ਸੀ, ਤਾਂ ਉਸ ਕੋਲੋਂ ਲੰਘੇ ਇੱਕ ਔਰਤ ਅਤੇ ਮਰਦ ਨੇ ਉਸ ਦੇ ਪਹਿਰਾਵੇ ਉੱਤੇ ਗਲਤ ਟਿੱਪਣੀਆਂ ਕੀਤੀਆਂ। ਉਸ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੇ ਇਸ ਨੂੰ ਅਣਗੌਲਿਆ ਕੀਤਾ, ਪਰ ਜਦੋਂ ਉਹ ਬੋਲਦੇ ਰਹੇ ਤਾਂ ਉਸ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਸੀਂ ਮੇਰੇ ਪਹਿਰਾਵੇ ਤੋਂ ਕੀ ਲੈਣਾ ਹੈ? ਇਸ ਗੱਲ ਤੋਂ ਉਹ ਭੜਕ ਗਏ ਅਤੇ ਉਸ ਕੋਲ ਆ ਕੇ ਉਸ ਦੀ ਗਰਦਨ ‘ਤੇ ਵਾਰ ਕਰਕੇ ਪਰੇ ਨੂੰ ਧੱਕ ਦਿੱਤਾ ਅਤੇ ਫਿਰ ਦੋਵੇਂ ਕੁੱਟਮਾਰ ਕਰਨ ਲੱਗੇ।

ਉਸ ਨੇ ਕਿਹਾ ਕਿ ਅਚਾਨਕ ਹੋਏ ਇਸ ਜਿਹੇ ਵਿਹਾਰ ਨੂੰ ਉਹ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਦੋਵੇਂ ਕੁੱਟਮਾਰ ਅਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਉੱਥੋਂ ਚਲੇ ਗਏ। ਅਟਵਾਲ ਨੇ ਕਿਹਾ ਕਿ ਉਸ ਨੇ ਇਸ ਘਟਨਾ ਨੂੰ ਅਣਗੌਲਿਆਂ ਕਰਨ ਦੇ ਯਤਨ ਕੀਤੇ, ਪਰ ਆਖ਼ਿਰ ਮਨ ਉੱਤੇ ਪਏ ਹੋਏ ਭਾਰ ਕਾਰਨ ਉਸ ਨੇ ਇਹ ਗੱਲ ਜਨਤਕ ਕਰਕੇ ਪੁਲੀਸ ਨੂੰ ਰਿਪੋਰਟ ਕੀਤੀ, ਜਿਸ ਦੀ ਜਾਂਚ ਪੁਲੀਸ ਨੇ ਆਰੰਭੀ ਹੋਈ ਹੈ। ਪੁਲੀਸ ਬੁਲਾਰੇ ਨੇ ਮੰਨਿਆ ਕਿ ਅਜਿਹੀ ਘਟਨਾ ਵਾਪਰੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।

Share: