Pakistan ਨਾਲ ਸਿਰਫ਼ Pak occupied kashmir ਬਾਰੇ Talk ਹੋਵੇਗੀ: Rajnath Singh

Pakistan ਨਾਲ ਸਿਰਫ਼ Pak occupied kashmir ਬਾਰੇ Talk ਹੋਵੇਗੀ: Rajnath Singh

ਦਰਾਸ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਾਰਗਿਲ ਵਿਜੈ ਦਿਵਸ ਦੀ 27ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ’ਤੇ ਅਤਿਵਾਦ ਨੂੰ ਆਪਣੀ ਸਿਆਸਤ ਦਾ ਹਿੱਸਾ ਬਣਾਉਣ ਦਾ ਦੋਸ਼ ਲਾਉਂਦਿਆਂ ਸਾਫ਼ ਕੀਤਾ ਕਿ ਗੁਆਂਢੀ ਮੁਲਕ ਨਾਲ ਹੁਣ ਸਿਰਫ਼ ਮਕਬੂਜ਼ਾ ਕਸ਼ਮੀਰ (ਪੀ ਓ ਕੇ) ਬਾਰੇ ਹੀ ਗੱਲਬਾਤ ਹੋਵੇਗੀ, ਜੋ ਭਾਰਤ ਦਾ ਅਟੁੱਟ ਅੰਗ ਹੈ ਜਿਸ ’ਤੇ ਉਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਇੱਥੇ ਕਾਰਗਿਲ ਜੰਗੀ ਯਾਦਗਾਰ ’ਤੇ ਆਪਣੇ ਸੰਬੋਧਨ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਅਤਿਵਾਦ ਖ਼ਿਲਾਫ਼ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ। ਮੁਲਕ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਦਾ ਅਜਿਹੇ ਤਰੀਕੇ ਨਾਲ ਜਵਾਬ ਦੇ ਸਕਦਾ ਹੈ ਜੋ ਉਨ੍ਹਾਂ ਦੀ ਕਲਪਨਾ ਤੋਂ ਵੀ ਪਰੇ ਹੋਵੇਗਾ। ਭਾਰਤ ਡੇਟਾ ਸੈਂਟਰ ਅਤੇ ਨਵੀਆਂ ਤਕਨੀਕਾਂ ਬਣਾ ਰਿਹਾ ਹੈ ਪਰ ਪਾਕਿਸਤਾਨ ਅਤਿਵਾਦ ਅਤੇ ਘੁਸਪੈਠ ਨੂੰ ਸ਼ਹਿ ਦੇਣ ’ਚ ਲੱਗਾ ਹੋਇਆ ਹੈ। ਇਸ ਮੌਕੇ ਫ਼ੌਜ ਮੁਖੀ ਜਨਰਲ ਧੀਰਜ ਸੇਠ, ਲੱਦਾਖ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਅਤੇ ਉੱਤਰੀ ਕਮਾਂਡ ਦੇ ਜੀ ਓ ਸੀ-ਇਨ-ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਤਿੰਨ ਹੈਲੀਕਾਪਟਰਾਂ ਰਾਹੀਂ ਯਾਦਗਾਰ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵੀ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ: ਕਾਰਗਿਲ ਵਿਜੈ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਮੁਰਮੂ ਨੇ ‘ਐਕਸ’ ’ਤੇ ਕਿਹਾ, ‘‘ਭਾਰਤ ਮਾਤਾ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਭ ਤੋਂ ਔਖੇ ਹਾਲਾਤ ’ਚ ਵੀ ਫ਼ੌਜੀਆਂ ਦੀ ਅਦੁੱਤੀ ਬਹਾਦਰੀ ਹਮੇਸ਼ਾ ਕੌਮੀ ਮਾਣ ਦਾ ਸਰੋਤ ਬਣੀ ਰਹੇਗੀ।

ਸ਼ਹੀਦੀ ਦੇ 26 ਸਾਲ ਬਾਅਦ ਵੀ ਵਾਅਦਾ ਵਫ਼ਾ ਨਾ ਹੋਇਆ

ਬਲੀਆ: ਕਾਰਗਿਲ ਜੰਗ ’ਚ ਮੁਲਕ ਲਈ ਜਾਨ ਕੁਰਬਾਨ ਕਰਨ ਵਾਲੇ ਥਲ ਸੈਨਾ ਦੇ ਜਵਾਨ ਅਵਨੀਸ਼ ਯਾਦਵ ਦਾ ਪਰਿਵਾਰ ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਤੋਂ ਦੁੱਖੀ ਹੈ। 27ਵੇਂ ਕਾਰਗਿਲ ਵਿਜੈ ਦਿਵਸ ਮੌਕੇ ਉੱਤਰ ਪ੍ਰਦੇਸ਼-ਬਿਹਾਰ ਸਰਹੱਦ ’ਤੇ ਸਥਿਤ ਪਿੰਡ ਦਲੇਲ ਤੋਲਾ (ਸਿਤਾਬਦੀਆਰਾ) ਦੇ ਇਸ ਪਰਿਵਾਰ ਨੇ ਦੱਸਿਆ ਕਿ ਅਵਨੀਸ਼ 4 ਸਤੰਬਰ 1999 ਨੂੰ ਮੁਲਕ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਿਆ ਸੀ। ਸ਼ਹੀਦ ਦੀ ਮਾਂ ਸੋਮਾਰੋ ਦੇਵੀ ਅਤੇ ਸੀ ਆਰ ਪੀ ਐੱਫ ਤੋਂ ਸੇਵਾਮੁਕਤ ਹੋਏ ਪਿਤਾ ਸ਼ਿਵਜੀ ਯਾਦਵ ਨੇ ਦੱਸਿਆ ਕਿ 26 ਸਾਲ ਬੀਤ ਜਾਣ ਦੇ ਬਾਵਜੂਦ ਪਿੰਡ ’ਚ ਪੁੱਤਰ ਦਾ ਬੁੱਤ ਲਾਉਣ, ਕਿਸੇ ਸਰਕਾਰੀ ਹਸਪਤਾਲ ਜਾਂ ਪ੍ਰਾਇਮਰੀ ਸਕੂਲ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਣ ਵਰਗੇ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ।

Share: