ਵੈਨਕੂਵਰ : ਇਥੋਂ ਥੋੜ੍ਹੀ ਦੂਰ ਐਬਸਫੋਰਡ ਹਵਾਈ ਅੱਡੇ ਦੇ ਰਨਵੇਅ ਉੱਤੇ ਅਚਾਨਕ ਮੋਟਰਹੋਮ ਵਾਹਨ ਆ ਗਿਆ ਜਿਸ ਕਾਰਨ ਉਡਾਣ ਭਰਨ ਲਈ ਤਿਆਰ ਜਹਾਜ਼ ਦੇ ਪਾਇਲਟ ਨੇ ਬਰੇਕਾਂ ਮਾਰ ਦਿੱਤੀਆਂ ਤੇ ਪਾਇਲਟ ਦੀ ਚੌਕਸੀ ਕਾਰਨ ਹਾਦਸਾ ਟਲ ਗਿਆ। ਇਸ ਰੁਕਾਵਟ ਕਾਰਨ ਉਡਾਣਾਂ ਕੁਝ ਦੇਰ ਪ੍ਰਭਾਵਤ ਹੋਈਆਂ ਅਤੇ ਪੁਲੀਸ ਵਲੋਂ ਵਾਹਨ ਪਾਸੇ ਕਰਨ ਤੋਂ ਬਾਅਦ ਹਵਾਈ ਆਵਾਜਾਈ ਆਮ ਵਾਂਗ ਬਹਾਲ ਹੋ ਸਕੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਬਸਫੋਰਡ ਪੁਲੀਸ ਦੇ ਬੁਲਾਰੇ ਸਾਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਹਵਾਈ ਅੱਡੇ ਦੇ ਰਨਵੇਅ ਦੇ ਬਾਹਰਵਾਰ ਨਾਲੋ ਨਾਲ ਸੜਕੀ ਆਵਾਜਾਈ ਚਲਦੀ ਹੈ। ਇੱਕ ਮੋਟਰਹੋਮ (ਰਿਹਾਇਸ਼ ਵਾਲੀ ਬੱਸ) ’ਚ ਅਚਾਨਕ ਕਿਸੇ ਵਿਗਾੜ ਅਤੇ ਡਰਾਈਵਰ ਦੇ ਸੰਤੁਲਨ ਖੋਹਣ ਕਾਰਨ ਇਹ ਵਾਹਨ ਫੈਂਸ (ਵਾੜ) ਤੋੜ ਕੇ ਰਨਵੇਅ ’ਤੇ ਆਣ ਚੜ੍ਹਿਆ। ਉੱਧਰ ਜਹਾਜ਼ ਉਡਾਣ ਭਰਨ ਲਈ ਤਿਆਰ ਸੀ ਪਰ ਪਾਇਲਟ ਦੀ ਚੌਕਸੀ ਕਾਰਨ ਜਹਾਜ਼ ਦੇ ਰਫਤਾਰ ਫੜਨ ਤੋਂ ਪਹਿਲਾਂ ਰੋਕ ਲਏ ਜਾਣ ਕਰਕੇ ਹਾਦਸਾ ਟਲ ਗਿਆ। ਬੁਲਾਰੇ ਅਨੁਸਾਰ ਏਟੀਸੀ (ਏਅਰ ਟਰੈਫਿਕ ਕੰਟੋਰਲ) ਵੀ ਤੁਰੰਤ ਹਰਕਤ ਵਿੱਚ ਆਇਆ ਤੇ ਹਵਾਈ ਆਵਾਜਾਈ ਰੋਕੀ ਗਈ। ਮੋਟਰਵਾਹਨ ਨੂੰ ਰਨਵੇਅ ਤੋਂ ਪਾਸੇ ਕਰਨ ਤੋਂ ਬਾਅਦ ਹਵਾਈ ਆਵਾਜਾਈ ਬਹਾਲ ਹੋਈ। ਪੌਲ ਵਾਕਰ ਅਨੁਸਾਰ ਵਾਹਨ ਦੇ ਡਰਾਈਵਰ ਦੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਤੇ ਆਮ ਹਾਲਤ ਵਿੱਚ ਸੀ, ਜਿਸ ਤੋਂ ਲੱਗਿਆ ਕਿ ਵਾਹਨ ਦੇ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਹੋ ਸਕਦਾ ਹੈ।
Posted inCanada
Canada Airport Incident: ਜਦੋਂ ਵਾਹਨ ਅੱਗੇ ਆਉਣ ਕਾਰਨ ਜਹਾਜ਼ ਨੇ ਮਾਰੀਆਂ ਬਰੇਕਾਂ

