ਕੀਵ : ਰੂਸ ਨੇ ਐਤਵਾਰ ਤੜਕੇ ਕੀਵ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਹੋਰ ਥਾਵਾਂ ’ਤੇ ਹਮਲਿਆਂ ’ਚ ਦੋ ਜਣੇ ਮਾਰੇ ਗਏ। ਯੂਕਰੇਨ ਦੇ ਸਫਲ ਡਰੋਨ ਹਮਲਿਆਂ ਕਾਰਨ ਰੂਸੀ ਫ਼ੌਜ ਦੀਆਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਰੂਸ ਅੰਦਰ ਈਂਧਣ ਦੀ ਕਿੱਲਤ ਪੈਦਾ ਹੋ ਗਈ ਹੈ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਦਬਾਅ ਵਧ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਨੇ ਰਾਤੋ-ਰਾਤ ਰੂਸ, ਕਾਲੇ ਸਾਗਰ ਅਤੇ ਕ੍ਰੀਮੀਆ ਉੱਤੇ ਦਾਗ਼ੇ ਗਏ 133 ਯੂਕਰੇਨੀ ਡਰੋਨ ਡੇਗ ਦਿੱਤੇ ਹਨ। ਰੂਸ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਦੇ ਸ਼ਹਿਰ ਹੌਰਲਿਵਕਾ ’ਚ ਡਰੋਨ ਹਮਲੇ ਕਾਰਨ ਚਾਰ ਨਾਗਰਿਕਾਂ ਦੀ ਮੌਤ ਹੋ ਗਈ। ਰਾਜਧਾਨੀ ਕੀਵ ’ਚ ਐਤਵਾਰ ਤੜਕੇ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ, ਜਿੱਥੇ ਡਰੋਨਾਂ ਦੇ ਡਿੱਗੇ ਮਲਬੇ ਕਾਰਨ ਇੱਕ ਬਹੁ-ਮੰਜ਼ਿਲਾ ਇਮਾਰਤ, ਕਾਰਾਂ ਅਤੇ ਪਾਰਕਿੰਗ ਨੂੰ ਅੱਗ ਲੱਗ ਗਈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਕੀਵ ’ਤੇ ਹਮਲਾ ਡਰੋਨ ਉਤਪਾਦਨ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ ਛੇ ਹੋਰ ਜ਼ਖ਼ਮੀ ਹੋ ਗਏ। ਦੱਖਣੀ ਸ਼ਹਿਰ ਜ਼ਾਪੋਰੀਜ਼ੀਆ ’ਚ ਰੂਸੀ ਗਲਾਈਡ ਬੰਬ ਹਮਲੇ ਕਾਰਨ ਇੱਕ ਵਿਅਕਤੀ ਮਾਰਿਆ ਗਿਆ ਅਤੇ ਛੇ ਵਿਅਕਤੀ ਜ਼ਖ਼ਮੀ ਹੋ ਗਏ।
Posted inUkraine
Russian Attack ’ਚ ਦੋ ਯੂਕਰੇਨੀ dead

