ਜੈਪੁਰ : ਰਾਜਸਥਾਨ ਵਿੱਚ ਸਿਜੇਰੀਅਨ ਅਪਰੇਸ਼ਨ (ਸੀ-ਸੈਕਸ਼ਨ) ਤੋਂ ਬਾਅਦ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਮਾਵਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਬੀਕਾਨੇਰ ਦੇ ਮਸ਼ਹੂਰ ਪੀ.ਬੀ.ਐਮ. (PBM) ਹਸਪਤਾਲ ਵਿੱਚ ਬੀਤੇ ਇੱਕ ਮਹੀਨੇ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ 25 ਸਾਲਾ ਔਰਤ ਦੀ ਮੰਗਲਵਾਰ ਨੂੰ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ, ਹਸਪਤਾਲ ਵਿੱਚ ਹਾਲ ਹੀ ਦੇ ਹਫ਼ਤਿਆਂ ਦੌਰਾਨ ਜਣੇਪੇ ਤੋਂ ਬਾਅਦ ਹੋਣ ਵਾਲੀ ਮੌਤ ਦਾ ਇਹ ਤੀਜਾ ਮਾਮਲਾ ਹੈ। ਇਸ ਤਾਜ਼ਾ ਮੌਤ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੂਬੇ ਵਿੱਚ ਮਾਵਾਂ ਦੀ ਮੌਤ ਦਾ ਕੁੱਲ ਅੰਕੜਾ ਵੱਧ ਕੇ 19 ਹੋ ਗਿਆ ਹੈ, ਜਿਸ ਨੇ ਸੂਬੇ ਦੀ ਸਿਹਤ ਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੀ.ਬੀ.ਐਮ. ਹਸਪਤਾਲ ਦੇ ਸੁਪਰਡੈਂਟ ਡਾ. ਬੀ. ਸੀ. ਘੀਆ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਕਮਲਾ ਮੇਘਵਾਲ ਵਜੋਂ ਹੋਈ ਹੈ, ਜਿਸ ਨੂੰ ਬੀਤੀ 8 ਜੂਨ ਨੂੰ ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਸੀ। ਔਰਤ ਸ਼ੂਗਰ (ਡਾਇਬੀਟੀਜ਼) ਦੀ ਮਰੀਜ਼ ਸੀ ਅਤੇ ਇਹ ਉਸਦੀ ਤੀਜੀ ਗਰਭ ਅਵਸਥਾ ਸੀ। ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਉਸਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਇੱਕ ਸਮੇਂ ਉਸਦੀ ਹਾਲਤ ਵਿੱਚ ਸੁਧਾਰ ਵੀ ਦੇਖਿਆ ਗਿਆ ਸੀ, ਪਰ ਅਚਾਨਕ ਸਿਹਤ ਵਿਗੜਨ ਕਾਰਨ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਕਮਲਾ ਨੇ ਦਾਖਲ ਹੋਣ ਵਾਲੇ ਦਿਨ ਹੀ ਬੱਚੇ ਨੂੰ ਜਨਮ ਦਿੱਤਾ ਸੀ, ਅਤੇ ਸ਼ੁਰੂਆਤ ਵਿੱਚ ਮਾਂ ਤੇ ਬੱਚਾ ਦੋਵੇਂ ਸਥਿਰ ਸਨ। ਕਿਉਂਕਿ ਮਰੀਜ਼ ਸ਼ੂਗਰ ਤੋਂ ਪੀੜਤ ਸੀ ਅਤੇ ਪਹਿਲਾਂ ਵੀ ਉਸਦੇ ਦੋ ਸੀ-ਸੈਕਸ਼ਨ ਅਪਰੇਸ਼ਨ ਹੋ ਚੁੱਕੇ ਸਨ, ਇਸ ਲਈ ਡਾਕਟਰਾਂ ਨੇ ਤੀਜੀ ਵਾਰ ਵੀ ਅਪਰੇਸ਼ਨ ਕਰਨਾ ਹੀ ਮੁਨਾਸਿਬ ਸਮਝਿਆ। ਅਪਰੇਸ਼ਨ ਸਫ਼ਲ ਰਿਹਾ ਸੀ, ਪਰ ਅਗਲੇ ਹੀ ਦਿਨ 9 ਜੂਨ ਨੂੰ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਡਾਇਲਸਿਸ ‘ਤੇ ਰੱਖਣਾ ਪਿਆ। ਕੁਝ ਸਮੇਂ ਲਈ ਪਿਸ਼ਾਬ ਆਉਣ ਲੱਗਣ ਕਾਰਨ ਵੈਂਟੀਲੇਟਰ ਹਟਾ ਲਿਆ ਗਿਆ ਸੀ ਅਤੇ ਟਾਂਕਿਆਂ ਦੇ ਸਬੰਧ ਵਿੱਚ ਇੱਕ ਹੋਰ ਸਰਜਰੀ ਵੀ ਕੀਤੀ ਗਈ, ਪਰ ਆਖਰਕਾਰ ਕਈ ਅੰਗਾਂ ਦੇ ਫੇਲ੍ਹ (ਮਲਟੀਪਲ ਆਰਗਨ ਫੇਲ੍ਹ) ਹੋਣ ਕਾਰਨ ਉਸਦੀ ਜਾਨ ਚਲੀ ਗਈ। ਬੱਚਾ ਫਿਲਹਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਡਾ. ਘੀਆ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਕੁੱਲ 6 ਔਰਤਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਸੀ, ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ 3 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕਮਲਾ ਤੋਂ ਪਹਿਲਾਂ 19 ਜੂਨ ਨੂੰ 20 ਸਾਲਾ ਪ੍ਰੀਤੀ ਦੀ ਇੱਥੇ ਮੌਤ ਹੋਈ ਸੀ ਅਤੇ ਉਸ ਦੇ ਦੋ ਦਿਨਾਂ ਬਾਅਦ 26 ਸਾਲਾ ਸ਼ਾਰਦਾ ਨੇ ਗੁਰਦੇ ਫੇਲ੍ਹ ਹੋਣ ਕਾਰਨ ਦਮ ਤੋੜ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਤਿੰਨਾਂ ਹੀ ਔਰਤਾਂ ਦੇ ਅਪਰੇਸ਼ਨ ਦੇ 24 ਘੰਟਿਆਂ ਦੇ ਅੰਦਰ ਪਿਸ਼ਾਬ ਦਾ ਆਉਣਾ ਬੰਦ ਹੋ ਗਿਆ ਸੀ।
ਪਿਛਲੇ ਤਿੰਨ ਮਹੀਨਿਆਂ ਵਿੱਚ ਅੰਕੜਾਂ ਪਹੁੰਚਿਆਂ 19
ਸੂਬੇ ਭਰ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਈਆਂ 19 ਮੌਤਾਂ ਵਿੱਚੋਂ 5 ਮਾਮਲੇ ਕੋਟਾ, 3 ਬੀਕਾਨੇਰ, 2 ਜੋਧਪੁਰ ਅਤੇ 9 ਮਾਮਲੇ ਭੀਲਵਾੜਾ ਤੇ ਬਾਂਸਵਾੜਾ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਹਰਕਤ ਵਿੱਚ ਆਈ ਹੈ ਅਤੇ ਬੁੱਧਵਾਰ ਤੋਂ ਪੂਰੇ ਸੂਬੇ ਵਿੱਚ ਗਰਭਵਤੀ ਔਰਤਾਂ ਦੀ ਸਿਹਤ ਦੀ ਜਾਂਚ ਲਈ ਇੱਕ ਵਿਸ਼ੇਸ਼ 5-ਦਿਨਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮੈਡੀਕਲ ਅਤੇ ਸਿਹਤ ਵਿਭਾਗ ਦੀ ਮੁੱਖ ਸਕੱਤਰ ਗਾਇਤਰੀ ਰਾਠੌੜ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੀਆਂ ਗਰਭਵਤੀ ਔਰਤਾਂ ਦੀ ਸਖ਼ਤ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਐਂਟੀਨੇਟਲ ਚੈੱਕ-ਅੱਪ (ਗਰਭ ਅਵਸਥਾ ਦੌਰਾਨ ਜਾਂਚ) ਦਾ ਰਿਕਾਰਡ ਰੱਖਿਆ ਜਾਵੇਗਾ ਤਾਂ ਜੋ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।

