ਟੈਸਟ ਕ੍ਰਿਕਟ: ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸਿਆ

ਟੈਸਟ ਕ੍ਰਿਕਟ: ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸਿਆ

ਐੱਸ ਏ ਐੱਸ ਨਗਰ (ਮੁਹਾਲੀ): ਨਿਊ ਚੰਡੀਗੜ੍ਹ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦਾ ਅੱਜ ਦੂਜਾ ਦਿਨ ਵੀ ਪੂਰੀ ਤਰ੍ਹਾਂ ਭਾਰਤੀ ਟੀਮ ਦੇ ਨਾਮ ਰਿਹਾ। ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਮੈਚ ’ਤੇ ਸ਼ਿਕੰਜਾ ਕੱਸ ਲਿਆ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਅਫ਼ਗ਼ਾਨਿਸਤਾਨ ਦੀ ਟੀਮ ਪਹਿਲੀ ਪਾਰੀ ਵਿੱਚ 39.5 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 113 ਦੌੜਾਂ ਹੀ ਬਣਾ ਸਕੀ। ਭਾਰਤ ਪਹਿਲੀ ਪਾਰੀ ਦੇ ਆਧਾਰ ’ਤੇ ਅਫ਼ਗ਼ਾਨਿਸਤਾਨ ਤੋਂ 451 ਦੌੜਾਂ ਦੀ ਵੱਡੀ ਲੀਡ ਨਾਲ ਮਜ਼ਬੂਤ ਸਥਿਤੀ ਵਿੱਚ ਹੈ।

ਭਾਰਤੀ ਗੇਂਦਬਾਜ਼ਾਂ ਵਿੱਚੋਂ ਮਾਨਵ ਸੁਥਾਰ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 15.5 ਓਵਰਾਂ ਵਿੱਚ ਮਹਿਜ਼ 21 ਦੌੜਾਂ ਦੇ ਕੇ 3 ਅਹਿਮ ਵਿਕਟਾਂ ਲਈਆਂ। ਦੂਜੇ ਪਾਸੇ ਪ੍ਰਸਿੱਧ ਕ੍ਰਿਸ਼ਨਾ ਨੇ 27 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਅਫ਼ਗ਼ਾਨਿਸਤਾਨ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਅੱਗੇ ਸੰਘਰਸ਼ ਕਰਦੇ ਨਜ਼ਰ ਆਏ। ਸਲਾਮੀ ਬੱਲੇਬਾਜ਼ ਅਬਦੁਲ ਮਲਿਕ ਨੇ 16, ਸਦੀਕਉੱਲਾ ਅਟਲ ਨੇ 17, ਰਹਿਮਾਨ ਉੱਲਾ ਗੁਰਬਾਜ਼ ਨੇ 12, ਕਪਤਾਨ ਹਸ਼ਮਤ ਉੱਲਾ ਸ਼ਾਹਦੀ ਨੇ 20 ਅਤੇ ਅਫ਼ਸਰ ਜ਼ਜ਼ਈ ਨੇ 3 ਦੌੜਾਂ ਬਣਾਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਰਹਿਮਤ ਸ਼ਾਹ 43 ਦੌੜਾਂ ਦੇ ਸਕੋਰ ’ਤੇ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ 8 ਵਿਕਟਾਂ ਦੇ ਨੁਕਸਾਨ ’ਤੇ 564 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ। ਸਵੇਰ ਦੇ ਸੈਸ਼ਨ ਵਿੱਚ ਭਾਰਤ ਨੇ ਤਿੰਨ ਵਿਕਟਾਂ ਗੁਆਈਆਂ, ਜਿਨ੍ਹਾਂ ਵਿੱਚ ਸ਼ੁਭਮਨ ਗਿੱਲ, ਧਰੁਵ ਜੁਰੇਲ ਅਤੇ ਰਿਸ਼ਭ ਪੰਤ ਸ਼ਾਮਲ ਸਨ। ਟੀਮ ਨੇ ਪਹਿਲੇ ਸੈਸ਼ਨ ਦੇ 25 ਓਵਰਾਂ ਵਿੱਚ 107 ਦੌੜਾਂ ਜੋੜ ਕੇ ਸਕੋਰ ਨੂੰ 400 ਤੋਂ ਪਾਰ ਪਹੁੰਚਾਇਆ। ਰਿਸ਼ਭ ਪੰਤ ਨੇ ਆਪਣੇ ਸਕੋਰ ਵਿੱਚ 31 ਦੌੜਾਂ ਦਾ ਵਾਧਾ ਕੀਤਾ ਅਤੇ ਧਰੁਵ ਜੁਰੇਲ ਨੇ 19 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਵਾਸ਼ਿੰਗਟਨ ਸੁੰਦਰ 52 ਦੌੜਾਂ ਅਤੇ ਕੁਲਦੀਪ ਯਾਦਵ 9 ਦੌੜਾਂ ਬਣਾ ਕੇ ਨਾਬਾਦ ਰਹੇ। ਮਾਨਵ ਸੁਥਾਰ ਨੇ 28 ਅਤੇ ਮੁਹੰਮਦ ਸਿਰਾਜ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਇਸ ਪਾਰੀ ਦੀ ਖ਼ਾਸ ਗੱਲ ਇਹ ਰਹੀ ਕਿ ਭਾਰਤ ਦੇ ਸਾਰੇ 10 ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।

Share: