ਪੈਰਿਸ : ਸਿਖਰਲੀ ਦਰਜਾਬੰਦੀ ਵਾਲੀ ਆਰਿਆਨਾ ਸਬਾਲੈਂਕਾ ਨੇ ਨਾਓਮੀ ਓਸਾਕਾ ਨੂੰ 7-5, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਉਹ ਕਲੇਅ ਕੋਰਟ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਹੋਰ ਨੇੜੇ ਪਹੁੰਚ ਗਈ ਹੈ, ਜਿੱਥੇ ਪਿਛਲੇ ਸਾਲ ਫਾਈਨਲ ਵਿੱਚ ਉਸ ਨੂੰ ਕੋਕੋ ਗੌਫ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚਾਰ ਵਾਰ ਦੀਆਂ ਗਰੈਂਡ ਸਲੈਮ ਜੇਤੂਆਂ ਵਿਚਾਲੇ ਹੋਏ ਇਸ ਮੁਕਾਬਲੇ ਵਿੱਚ ਸਬਾਲੈਂਕਾ ਨੇ ਓਸਾਕਾ ਖ਼ਿਲਾਫ਼ ਆਪਣਾ ਰਿਕਾਰਡ 3-1 ਕਰ ਲਿਆ ਹੈ। ਸਬਾਲੈਂਕਾ ਦਾ ਅਗਲਾ ਮੁਕਾਬਲਾ ਡਾਇਨਾ ਸ਼ਨਾਈਡਰ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਮੈਡੀਸਨ ਕੀਜ਼ ਨੂੰ 6-3, 3-6, 6-0 ਨਾਲ ਹਰਾਇਆ।
ਦੂਜੇ ਪਾਸੇ, ਫਰਾਂਸ ਦੀਆਂ ਉਮੀਦਾਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਡਾਇਨੇ ਪੈਰੀ ਨੂੰ ਪੋਲੈਂਡ ਦੀ 114ਵੇਂ ਨੰਬਰ ਦੀ ਮਾਜਾ ਚਵਾਲਿੰਸਕਾ ਹੱਥੋਂ 6-3, 6-2 ਨਾਲ ਹਾਰ ਝੱਲਣੀ ਪਈ। ਚਵਾਲਿੰਸਕਾ ਹੁਣ ਕੁਆਰਟਰ ਫਾਈਨਲ ਵਿੱਚ ਐਨਾ ਕਾਲਿੰਸਕਾਇਆ ਨਾਲ ਭਿੜੇਗੀ, ਜਿਸ ਨੇ ਅਨਾਸਤਾਸੀਆ ਪੋਤਾਪੋਵਾ ਨੂੰ 6-4, 2-6, 7-6 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ ਗੌਫ, ਇਗਾ ਸਵੀਆਤੇਕ ਅਤੇ ਐਲੇਨਾ ਰਾਇਬਾਕੀਨਾ ਵਰਗੀਆਂ ਸਿਖਰਲੀਆਂ ਖਿਡਾਰਨਾਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ।
ਸੈਮੀਫਾਈਨਲ ’ਚ ਯੂਕਰੇਨ ਬਨਾਮ ਰੂਸ
ਪੈਰਿਸ: ਯੂਕਰੇਨ ਦੀ ਮਾਰਤਾ ਕੋਸਤਿਊਕ ਨੇ ਆਪਣੀ ਹਮਵਤਨ ਐਲੀਨਾ ਸਵਿਤੋਲੀਨਾ ਨੂੰ 6-3, 2-6, 6-2 ਨਾਲ ਹਰਾ ਕੇ ਪਹਿਲੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ ਹੁਣ ਉਸ ਦਾ ਮੁਕਾਬਲਾ ਰੂਸ ਦੀ ਮੀਰਾ ਐਂਡਰੀਵਾ ਨਾਲ ਹੋਵੇਗਾ, ਜਿਸ ਨੇ ਰੋਮਾਨੀਆ ਦੀ ਸੋਰਾਣਾ ਸਿਰਸਤੀਆ ਨੂੰ 6-0, 6-3 ਨਾਲ ਹਰਾਇਆ। ਚਾਰ ਸਾਲ ਪਹਿਲਾਂ ਰੂਸ ਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਖਿਡਾਰੀ ਜਦੋਂ ਵੀ ਆਹਮੋ-ਸਾਹਮਣੇ ਹੁੰਦੇ ਹਨ ਤਾਂ ਤਣਾਅ ਸਾਫ਼ ਦਿਖਾਈ ਦਿੰਦਾ ਹੈ। ਯੂਕਰੇਨੀ ਖਿਡਾਰਨਾਂ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਉਹ ਜੰਗ ਦੇ ਵਿਰੋਧ ਵਜੋਂ ਮੈਚ ਤੋਂ ਬਾਅਦ ਰੂਸੀ ਖਿਡਾਰਨਾਂ ਨਾਲ ਹੱਥ ਨਹੀਂ ਮਿਲਾਉਣਗੀਆਂ।

