Delhi Weather: 6 ਸਾਲਾਂ ਤੋਂ ਭਿਆਨਕ ‘ਹੀਟ-ਸਟ੍ਰੈੱਸ ’ ਦੀ ਗ੍ਰਿਫ਼ਤ ਵਿੱਚ 76 ਫ਼ੀਸਦੀ ਹਿੱਸਾ !

Delhi Weather: 6 ਸਾਲਾਂ ਤੋਂ ਭਿਆਨਕ ‘ਹੀਟ-ਸਟ੍ਰੈੱਸ ’ ਦੀ ਗ੍ਰਿਫ਼ਤ ਵਿੱਚ 76 ਫ਼ੀਸਦੀ ਹਿੱਸਾ !

ਨਵੀਂ ਦਿੱਲੀ : ਰਾਜਧਾਨੀ ਦਿੱਲੀ ਇਸ ਵੇਲੇ ਇੱਕ ਭਿਆਨਕ ਹੀਟ (Urban Heat Crisis) ਦਾ ਸਾਹਮਣਾ ਕਰ ਰਹੀ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (CSE) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ‘ਮੇਕਿੰਗ ਦਿੱਲੀ ਹੀਟ-ਰੈਜ਼ੀਲੀਐਂਟ’ ਮੁਤਾਬਕ, ਦਿੱਲੀ ਦਾ ਲਗਭਗ 76 ਫ਼ੀਸਦੀ ਹਿੱਸਾ ਸਾਲ 2015 ਤੋਂ 2024 ਦਰਮਿਆਨ ਛੇ ਜਾਂ ਇਸ ਤੋਂ ਵੱਧ ਸਾਲਾਂ ਲਈ ਲਗਾਤਾਰ ‘ਹੀਟ-ਸਟ੍ਰੈੱਸ’ (ਅਸਹਿ ਤਪਸ਼) ਦੀ ਮਾਰ ਹੇਠ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ 98.72 ਫ਼ੀਸਦੀ ਇਲਾਕੇ ਨੇ ਪਿਛਲੇ ਇੱਕ ਦਹਾਕੇ ਵਿੱਚ ਘੱਟੋ-ਘੱਟ ਇੱਕ ਵਾਰ ਇਸ ਖ਼ਤਰਨਾਕ ਤਾਪਮਾਨ ਦੀ ਹੱਦ ਨੂੰ ਪਾਰ ਕੀਤਾ ਹੈ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਇਸ ਦਹਾਕੇ ਦੇ ਅੰਤ ਤੱਕ ਦੇਸ਼ ਦੀ ਜੀ.ਡੀ.ਪੀ. ਨੂੰ 4.5 ਫ਼ੀਸਦੀ (ਲਗਭਗ 150-250 ਅਰਬ ਡਾਲਰ) ਦਾ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।

ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਦਿੱਲੀ ਦੇ 92 ਫ਼ੀਸਦੀ ਉਸਾਰੀ ਅਧੀਨ ਪ੍ਰੋਜੈਕਟ ਅਜਿਹੇ ਇਲਾਕਿਆਂ ਵਿੱਚ ਹਨ ਜਿੱਥੇ ਜ਼ਮੀਨੀ ਸਤ੍ਵਾ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾ ਚੁੱਕਾ ਹੈ। ਇਸੇ ਤਰ੍ਹਾਂ ਸ਼ਹਿਰ ਦੇ 84 ਫ਼ੀਸਦੀ ਪ੍ਰਮੁੱਖ ਬਾਜ਼ਾਰ ਤੇ ਮੰਡੀਆਂ, ਅਤੇ 80 ਫ਼ੀਸਦੀ ਸਕੂਲ (ਕੁੱਲ 1,066 ਮੈਪ ਕੀਤੇ ਗਏ ਸਕੂਲ) ਅਜਿਹੇ ਗਰਮ ਖੇਤਰਾਂ ਵਿੱਚ ਸਥਿਤ ਹਨ, ਜਿਸ ਕਾਰਨ ਬੱਚਿਆਂ ਅਤੇ ਮਜ਼ਦੂਰਾਂ ਦੀ ਸਿਹਤ ਸਭ ਤੋਂ ਵੱਧ ਖ਼ਤਰੇ ਵਿੱਚ ਹੈ। ਦਿੱਲੀ ਦੀਆਂ ਝੁੱਗੀ-ਝੌਂਪੜੀਆਂ ਅਤੇ ਗੈਰ-ਕਾਨੂੰਨੀ ਬਸਤੀਆਂ ਵਿੱਚ ਰਹਿਣ ਵਾਲੀ ਲਗਭਗ 13.2 ਲੱਖ ਦੀ ਆਬਾਦੀ ਵੀ ਸਿੱਧੇ ਤੌਰ ’ਤੇ ਇਸ ਤਪਸ਼ ਦਾ ਸ਼ਿਕਾਰ ਹੋ ਰਹੀ ਹੈ। ਮਟਿਆਲਾ, ਕਾਕਰੌਲਾ, ਨਰੇਲਾ ਅਤੇ ਚਾਂਦਨੀ ਚੌਕ ਸਮੇਤ 35 ਵਾਰਡਾਂ ਨੂੰ ‘ਬੇਹੱਦ ਸੰਵੇਦਨਸ਼ੀਲ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਰਿਪੋਰਟ ਵਿੱਚ ਇੱਕ ਹੋਰ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਦਿੱਲੀ ਦੀ ਰਾਤ ਵੇਲੇ ਠੰਢੀ ਹੋਣ ਦੀ ਸਮਰੱਥਾ ਵਿੱਚ 9 ਫ਼ੀਸਦੀ ਦੀ ਕਮੀ ਆਈ ਹੈ। ਕੰਕਰੀਟ ਦੇ ਜੰਗਲ ਬਣ ਚੁੱਕੇ ਕੇਂਦਰੀ ਦਿੱਲੀ ਦੇ ਇਲਾਕੇ, ਪੇਂਡੂ ਜਾਂ ਬਾਹਰੀ ਇਲਾਕਿਆਂ ਦੇ ਮੁਕਾਬਲੇ 3.8 ਡਿਗਰੀ ਸੈਲਸੀਅਸ ਘੱਟ ਠੰਢੇ ਹੋ ਰਹੇ ਹਨ, ਜਿਸ ਕਾਰਨ ਰਾਤ ਵੇਲੇ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਸਾਲ 2025 ਵਿੱਚ ਦਿੱਲੀ ਵਿੱਚ ‘ਮਹਿਸੂਸ ਹੋਣ ਵਾਲਾ ਤਾਪਮਾਨ’ (Feels-like temperature) 52 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਸਾਲ 2024 ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਗਰਮੀ ਕਾਰਨ 25 ਮੌਤਾਂ ਹੋਈਆਂ, ਜਦੋਂ ਕਿ ਗੈਰ-ਸਰਕਾਰੀ ਰਿਪੋਰਟਾਂ ਇਹ ਅੰਕੜਾ 55 ਤੋਂ ਪਾਰ ਦੱਸਦੀਆਂ ਹਨ।ਦਿੱਲੀ ਵਿੱਚ ਇਸ ਵਧਦੀ ਤਪਸ਼ ਦਾ ਮੁੱਖ ਕਾਰਨ ਤੇਜ਼ੀ ਨਾਲ ਘਟ ਰਹੀ ਹਰਿਆਵਲ ਹੈ। ਸਾਲ 2014 ਵਿੱਚ ਦਿੱਲੀ ਦਾ ਗ੍ਰੀਨ ਕਵਰ (ਹਰਾ ਖੇਤਰ) 25.36 ਫ਼ੀਸਦੀ ਸੀ, ਜੋ 2024 ਤੱਕ ਘਟ ਕੇ ਮਹਿਸੂਸ 14.14 ਫ਼ੀਸਦੀ ਰਹਿ ਗਿਆ ਹੈ। ਪਾਣੀ ਦੇ ਸਰੋਤਾਂ ਦਾ ਦਾਇਰਾ ਵੀ 1.25 ਫ਼ੀਸਦੀ ਤੋਂ ਘਟ ਕੇ 0.99 ਫ਼ੀਸਦੀ ਰਹਿ ਗਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅਤੇ ਖਾਲੀ ਪਏ ਖੇਤਾਂ ਵਿੱਚ ਗਰਮੀਆਂ ਦੌਰਾਨ ਜ਼ਮੀਨ ਦਾ ਤਾਪਮਾਨ 60.77 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਲੁਟੀਅਨਜ਼ ਦਿੱਲੀ, ਸਿਵਲ ਲਾਈਨਜ਼ ਅਤੇ ਦਿੱਲੀ ਕੈਂਟ ਵਰਗੇ ਇਲਾਕੇ ਸੰਘਣੇ ਰੁੱਖਾਂ ਦੀ ਛਾਂ ਕਾਰਨ ਇਸ ਤਪਸ਼ ਤੋਂ ਬਚੇ ਹੋਏ ਹਨ। ਸੀ.ਐੱਸ.ਈ. ਨੇ ਸੁਝਾਅ ਦਿੱਤਾ ਹੈ ਕਿ ਦਿੱਲੀ ਨੂੰ ਬਚਾਉਣ ਲਈ ਹੁਣ ਤੁਰੰਤ ਛੱਤਾਂ ਨੂੰ ਠੰਢਾ ਰੱਖਣ ਵਾਲੀ ਤਕਨੀਕ, ਪਬਲਿਕ ਕੂਲਿੰਗ ਸੈਂਟਰ ਅਤੇ ਹਰਿਆਵਲ ਵਧਾਉਣ ਵਰਗੇ ਠੋਸ ਕਦਮ ਚੁੱਕਣੇ ਪੈਣਗੇ।

Share: