CBSE ਵੱਲੋਂ ਚੇਅਰਮੈਨ ਤੇ ਸਕੱਤਰ ਦਾ ਤਬਾਦਲਾ

CBSE ਵੱਲੋਂ ਚੇਅਰਮੈਨ ਤੇ ਸਕੱਤਰ ਦਾ ਤਬਾਦਲਾ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਦੇ ਔਨ-ਸਕਰੀਨ ਮਾਰਕਿੰਗ (ਓ ਐੱਸ ਐੱਮ) ਸਿਸਟਮ ਲਈ ਸੇਵਾਵਾਂ ਦੀ ਖਰੀਦ ਨਾਲ ਜੁੜੇ ਮਾਮਲਿਆਂ ਦੀ ਪੜਚੋਲ ਲਈ ਮੰਗਲਵਾਰ ਨੂੰ ਇਕ ਮੈਂਬਰੀ ਜਾਂਚ ਕਮੇਟੀ ਬਣਾਉਂਦਿਆਂ ਬੋਰਡ ਦੇ ਚੇਅਰਮੈਨ ਰਾਹੁਲ ਸਿੰਘ ਤੇ ਸਕੱਤਰ ਹਿਮਾਂਸ਼ੂ ਗੁਪਤਾ ਦਾ ਤਬਾਦਲਾ ਕਰ ਦਿੱਤਾ ਹੈ। ਅਧਿਕਾਰਤ ਹੁਕਮ ਮੁਤਾਬਕ ਜਾਂਚ ਕਮੇਟੀ ਦੀ ਅਗਵਾਈ ਐੱਸ ਰਾਧਾ ਚੌਹਾਨ ਕਰਨਗੇ, ਜੋ ਸਮਰੱਥਾ ਨਿਰਮਾਣ ਕਮਿਸ਼ਨ ਦੇ ਚੇਅਰਪਰਸਨ ਹਨ। ਚੇਅਰਪਰਸਨ ਨੂੰ ਜਾਂਚ ਲਈ ਲੋੜ ਮੁਤਾਬਕ ਹੋਰ ਦਫ਼ਤਰਾਂ ਦੇ ਅਧਿਕਾਰੀਆਂ ਤੋਂ ਸਹਾਇਤਾ ਲੈਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਸਮਰੱਥਾ ਨਿਰਮਾਣ ਕਮਿਸ਼ਨ ਕਮੇਟੀ ਨੂੰ ਸਕੱਤਰੇਤ ਸਹਾਇਤਾ ਦੇਵੇਗਾ। ਕਮੇਟੀ ਨੂੰ ਮਹੀਨੇ ਦੇ ਅੰਦਰ ਅਮਲਾ ਅਤੇ ਸਿਖਲਾਈ ਵਿਭਾਗ ਨੂੰ ਆਪਣੀ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਦੌਰਾਨ ਸੀਨੀਅਰ ਅਫਸਰਾਂ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਤੇ ਵਰੁਣ ਭਾਰਦਵਾਜ ਨੂੰ ਸੀ ਬੀ ਐੱਸ ਈ ਦਾ ਕ੍ਰਮਵਾਰ ਨਵਾਂ ਚੇਅਰਪਰਸਨ ਤੇ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਸਿੱਖਿਆ ਮੰਤਰਾਲੇ ਵਿਚਲੇ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤ ਸਰਕਾਰ ਦੀਆਂ ਸਾਈਬਰ ਸੁਰੱਖਿਆ ਏਜੰਸੀਆਂ, ਜਿਨ੍ਹਾਂ ਵਿੱਚ ਭਾਰਤੀ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ (ਆਈ 4 ਸੀ) ਵੀ ਸ਼ਾਮਲ ਹੈ, ਸੀ ਬੀ ਐੱਸ ਈ ਦੇ ਔਨ-ਸਕਰੀਨ ਮਾਰਕਿੰਗ (ਓ ਐੱਸ ਐੱਮ) ਮੁੜ-ਮੁਲਾਂਕਣ ਪੋਰਟਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਸਾਈਬਰ ਹਮਲਿਆਂ ਉੱਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਤੇ ਸਬੰਧਤਾਂ ਖ਼ਿਲਾਫ਼ ਸਖ਼ਤ ਪੀਨਲ ਕਾਰਵਾਈ ਕੀਤੀ ਜਾਵੇਗੀ। ਸੀ ਬੀ ਐੱਸ ਈ ਨੇ ਉਪਰੋਕਤ ਕਾਰਵਾਈ ਅਜਿਹੇ ਮੌਕੇ ਕੀਤੀ ਹੈ ਜਦੋਂ ਬੋਰਡ ਨੂੰ ਆਪਣੇ ਪੋਸਟ-ਰਿਜ਼ਲਟ ਪੋਰਟਲ ਵਿੱਚ ਤਕਨੀਕੀ ਨਾਕਾਮੀ ਦੀਆਂ ਰਿਪੋਰਟਾਂ ਤੇ ਓ ਐੱਸ ਐੱਮ ਵਿੱਚ ਊਣਤਾਈਆਂ ਕਰ ਕੇ ਵੱਡਾ ਦਬਾਅ ਝੱਲਣਾ ਪੈ ਰਿਹਾ ਹੈ।

ਇਸੇ ਦੌਰਾਨ ਸੀਨੀਅਰ ਅਫਸਰਾਂ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਤੇ ਵਰੁਣ ਭਾਰਦਵਾਜ ਨੂੰ ਸੀ ਬੀ ਐੱਸ ਈ ਦਾ ਕ੍ਰਮਵਾਰ ਨਵਾਂ ਚੇਅਰਪਰਸਨ ਤੇ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੀਤਾਰਾਮ 2001 ਬੈਚ ਦੇ ਏ ਜੀ ਐੱਮ ਯੂ ਟੀ ਕੇਡਰ ਦੇ ਆਈ ਏ ਐੱਸ ਅਧਿਕਾਰੀ ਹਨ ਤੇ ਇਸ ਵੇਲੇ ਗ੍ਰਹਿ ਮੰਤਰਾਲੇ ’ਚ ਵਧੀਕ ਸਕੱਤਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਚੇਅਰਪਰਸਨ ਦੇ ਅਹੁਦੇ ਤੋਂ ਲਾਂਭੇ ਕੀਤੇ ਰਾਹੁਲ ਸਿੰਘ ਨੂੰ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ’ਚ ਵਧੀਕ ਸਕੱਤਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸੀ ਬੀ ਐੱਸ ਈ ਸਕੱਤਰ ਹਿਮਾਂਸ਼ੂ ਗੁੁਪਤਾ (2012 ਬੈਚ ਆਈ ਏ ਐੱਸ ਅਧਿਕਾਰੀ) ਨੂੰ ਵਾਪਸ ਉਨ੍ਹਾਂ ਦੇ ਪਿੱਤਰੀ ਕੇਡਰ ਭੇਜ ਦਿੱਤਾ ਹੈ। ਉਨ੍ਹਾਂ ਦੀ ਥਾਂ ਲਗਾਏ ਵਰੁਣ ਭਾਰਦਵਾਜ 2008 ਬੈਚ ਦੇ ਭਾਰਤੀ ਸੂਚਨਾ ਸੇਵਾ ਕਮਿਸ਼ਨ ਦੇ ਅਧਿਕਾਰੀ ਹਨ। ਉਹ ਮੌਜੂਦਾ ਸਮੇਂ ਸਿੱਖਿਆ ਮੰਤਰਾਲੇ ’ਚ ਡਾਇਰੈਕਟਰ ਸਨ।

Share: