ਵੈਨਕੂਵਰ : ਕੈਨੇਡਾ ਦੇ ਸ਼ਹਿਰ ਸਰੀ, ਜਿੱਥੇ ਰਹਿੰਦੇ ਭਾਰਤੀ ਮੂਲ ਦੇ ਲੋਕ ਦੋ ਸਾਲਾਂ ਤੋਂ ਫਿਰੌਤੀ ਕਾਲਾਂ ਅਤੇ ਗੋਲੀਬਾਰੀ ਮਾਮਲਿਆਂ ਤੋਂ ਪੀੜਤ ਹਨ,ਵਿੱਚ ਸਰੀ ਪੁਲੀਸ ਦੇ ਮੁਖੀ ਅਤੇ ਪੁਲੀਸ ਬੋਰਡ ਦੇ ਚੇਅਰਮੈਨ ਨੇ ਅਚਾਨਕ ਆਪਣੇ ਅਹੁੱਦੇ ਛੱਡ ਦਿੱਤੇ ਹਨ। ਪੁਲੀਸ ਮੁਖੀ ਨੌਰਮ ਲਪਿੰਸਕੀ ਅਤੇ ਪੁਲੀਸ ਬੋਰਡ ਦੇ ਚੇਅਰਮੈਨ ਹਾਰਲੇ ਚੈਪਲ ਨੇ ਦੋਸ਼ ਲਾਏ ਹਨ ਕਿ ਬਾਹਰੀ ਦਖਲ ਕਾਰਨ ਉਹ ਇਮਾਨਦਾਰੀ ਤੇ ਸ਼ਿੱਦਤ ਨਾਲ ਕਰਨ ਤੋਂ ਅਸਮਰਥ ਹਨ।
ਦੋਹਾਂ ਨੂੰ ਸਤੰਬਰ 2020 ਚ ਤਤਕਾਲੀ ਮੇਅਰ ਡੱਗ ਮੁਕੱਲਮ ਦੀ ਸਰਪ੍ਰਸਤੀ ਹੇਠ ਨਿਯੁਕਤ ਕੀਤਾ ਗਿਆ ਸੀ ਤੇ ਇੰਨ੍ਹਾਂ ਦੋਹਾਂ ਦੀ ਨਿਗਰਾਨੀ ਹੇਠ ਕੇਂਦਰੀ ਪੁਲੀਸ ( ਰਾਇਲ ਕੈਨੇਡੀਅਨ ਮੌਂਟਿਡ ਪੁਲੀਸ) ਨੂੰ ਲਾਂਭੇ ਕਰਕੇ ਪਿਛਲੇ ਸਾਲ ਸਰੀ ਦੇ ਅਮਨ ਕਨੂੰਨ ਦੀ ਜਿੰਮੇਵਾਰੀ ਸਰੀ ਪੁਲੀਸ ਨੇ ਸੰਭਾਲੀ ਸੀ।
ਬੇਸ਼ੱਕ ਉਪ ਪੁਲੀਸ ਮੁੱਖੀ ਨੂੰ ਆਰਜੀ ਤੌਰ ਮੁੱਖੀ ਵਾਲੀ ਜਿੰਮੇਵਾਰੀ ਸੰਭਾਲੀ ਗਈ ਹੈ, ਪਰ ਸ਼ਹਿਰ ਦੇ ਲੋਕ ਲਪਿੰਸਕੀ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤੇ ਜਾਣ ਤੋਂ ਨਰਾਜ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਕਰੀਬ ਦਹਾਕਾ ਪਹਿਲਾਂ ਲੁੱਟਾਂ, ਕਤਲਾਂ ਤੇ ਨਸ਼ਾ ਤਸਕਰੀ ਲਈ ਮਸ਼ਹੂਰ ਹੋਏ ਸਰੀ ਸ਼ਹਿਰ ਦੇ ਲੋਕਾਂ ਵਲੋਂ ਮੰਗ ਉਠਾਈ ਗਈ ਸੀ ਕਿ ਦੇਸ਼ ਦੇ ਵੱਖ ਹਿੱਸਿਆਂ ਤੋਂ ਆਏ ਕੇਂਦਰੀ ਪੁਲੀਸ ਦੇ ਮੁਲਾਜ਼ਮ ਸਰੀ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਤੋਂ ਅਸਮਰਥ ਹਨ ਜਿਸ ਲਈ ਸਰੀ ਮਿਉਂਸਪੈਲਿਟੀ ਦੀ ਆਪਣੀ ਪੁਲੀਸ ਦੇ ਗਠਨ ਦੀ ਲੋੜ ਹੈ। 2018 ਦੀ ਚੋਣ ਮੌਕੇ ਡੱਗ ਮੁਕੱਲਮ ਨੇ ਮੇਅਰ ਦਾ ਉਮੀਦਵਾਰ ਬਣਕੇ ਵਾਅਦਾ ਕੀਤਾ ਸੀ ਕਿ ਉਹ ਕੇਂਦਰੀ ਪੁਲੀਸ ਦੀ ਥਾਂ ਸਰੀ ਪੁਲੀਸ ਹੀ ਲੈਕੇ ਆਉਣਗੇ ਤੇ ਉਨ੍ਹਾਂ ਵਲੋਂ ਵਾਅਦਾ ਨਿਭਾ ਕੇ ਸਰੀ ਪੁਲੀਸ ਬੋਰਡ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਭਰਤੀ ਕਰਕੇ ਤਿੰਨ ਚਾਰ ਸਾਲਾਂ ਵਿੱਚ ਕੇਂਦਰੀ ਪੁਲੀਸ ਦੀ ਥਾਂ ਖੁੱਦ ਕਮਾਂਡ ਸੰਭਾਲ ਲਈ। ਇਸ ਵੇਲੇ ਸਰੀ ਪੁਲੀਸ ਕੋਲ ਸਾਢੇ ਸੱਤ ਸੌ ਮੁਲਾਜਮ ਅਤੇ ਸਹਾਇਕਾਂ ਵਜੋਂ 520 ਸਿਵਲ ਮੁਲਾਜਮ ਹਨ।
ਇਸੇ ਸਾਲ ਅਕਤੂਬਰ ਚ ਹੋਣ ਵਾਲੀਆਂ ਚੋਣਾਂ ਲਈ ਮੇਅਰ ਦੇ ਅਹੁਦੇ ਲਈ ਬਰੈਂਡਾ ਲੌਕ ਤੇ ਹੋਰ ਉਮੀਦਵਾਰਾਂ ਵਲੋਂ ਤਿਆਰੀ ਅਰੰਭੀ ਗਈ ਹੈ। ਪੁਲੀਸ ਮੁਖੀ ਨੂੰ ਅਸਤੀਫੇ ਲਈ ਮਜਬੂਰ ਕੀਤੇ ਜਾਣਾ ਵੀ ਉਸੇ ਚੋਣ ਦੇ ਕਾਰਕ ਵਜੋਂ ਵੇਖਿਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਪਹਿਲੇ ਮੁੱਖੀ ਦੇ ਜਾਣ ਨਾਲ ਪੁਲੀਸ ਦੀ ਕਾਰਗੁਜਾਰੀ ਸੁਧਰਦੀ ਹੈ ਜਾਂ ਨਿਘਾਰ ਆਉਂਦਾ ਹੈ।

