ਵੈਨਕੂਵਰ : ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਤੱਕ ਪਹੁੰਚ ਸੀਮਤ ਕਰਨ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਹਨ। ਇਸ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਪਰਮਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਅਧਾਰ ’ਤੇ ਬਣੀ ਨਮੋਸ਼ੀ ਜਨਕ ਹਾਲਤ ‘ਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਰੋਮਾਣਾ ਟੋਰਾਂਟੋਂ ਹਵਾਈ ਅੱਡੇ ਤੇ ਲੈਂਡ ਹੋਈ ਉਡਾਣ ਵਿੱਚ ਕੈਨੇਡਾ ਪਹੁੰਚਿਆ ਸੀ। ਜਿਵੇਂ ਹੀ ਉਹ ਇਮੀਗਰੇਸ਼ਨ ਖਿੜਕੀ ਤੱਕ ਪਹੁੰਚਿਆ ਤਾਂ ਉਸ ਨੂੰ ਵਧੇਰੇ ਜਾਂਚ ਲਈ ਪਾਸੇ ਕਰ ਲਿਆ ਗਿਆ। ਉਸ ਤੋਂ ਕਈ ਤਰਾਂ ਦੇ ਸਵਾਲ ਪੁੱਛੇ ਗਏ ਤੇ ਆਮ ਤੋਂ ਵੱਧ ਜਾਣਕਾਰੀਆਂ ਮੰਗੀਆਂ ਗਈਆਂ, ਜਿਨ੍ਹਾਂ ਚੋਂ ਬਹੁਤਿਆਂ ਦੇ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਪੁਲੀਸ ਕਲੀਰੈਂਸ ਲਈ ਸਵਾਲਾਂ ਨੂੰ ਲੈ ਕੇ ਉਹ ਜਾਂਚ ਅਧਿਕਾਰੀਆਂ ਕੋਲ ਘਿਰ ਗਏ ਤਾਂ ਉਸ ਨੂੰ ਦੋ ਵਿਕਲਪ ਦਿੱਤੇ ਗਏ, ਪਹਿਲਾ ਇਹ ਕਿ ਉਸ ਨੂੰ ਘੰਟਿਆਂ ਬੱਧੀ ਲੰਮੀ ਜਾਂਚ ਚੋਂ ਲੰਘਣਾ ਪਵੇਗਾ ਤੇ ਦੂਜਾ ਕਿ ਉਹ ਉਥੋਂ ਹੀ ਭਾਰਤ ਵਾਪਸ ਮੁੜ ਜਾਏ।
ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ। ਕਿਸੇ ਹੋਰ ਉਡਾਣ ਰਾਹੀਂ ਟੋਰਾਂਟੋ ਪਹੁੰਚੇ ਚਸ਼ਮਦੀਦ ਨੇ ਦੱਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕਾ ਰਿਹਾ ਹੋਵੇਗਾ, ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਪੱਕਾ ਕੀਤਾ। ਉਸ ਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜਦੇ ਸਨ, ਜਿਸ ਤੋਂ ਲੱਗਦਾ ਹੈ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਨ੍ਹਾਂ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸ ਨੇ ਵਿਦੇਸ਼ ਯਾਤਰਾ ਲਈ ਪੁਲੀਸ ਕਲੀਰੈਂਸ ਹਾਸਲ ਨਹੀਂ ਕੀਤੀ ਹੋਈ ਅਤੇ ਜੋ ਕੀਤੀ ਹੈ ਉਹ ਜਾਅਲੀ ਹੈ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਾ ਹੈ। ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਇੱਕ ਅੰਦਰਲੇ ਸੂਤਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਰੋਮਾਣਾ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਥੱਬਾ ਭੇਜਿਆ ਹੋਇਆ ਸੀ। ਰੋਮਾਣਾ ਦੇ ਸਵਾਗਤ ਲਈ ਪਹੁੰਚੇ ਉਸ ਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ ਹੈ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਜਾਂ ਟਾਲ ਦੇਣ ਦੀ ਜੱਕੋ ਤੱਕੀ ਵਿੱਚ ਪੈ ਗਏ ਹਨ।

