ਬਾਜ਼ਾਰ ’ਚ ਆਪਣੀ ਸਥਿਤੀ ਮਜ਼ਬੂਤ ਕਰੇਗੀ ਐੱਲ ਆਈ ਸੀ: ਦੁਰਈਸਵਾਮੀ

ਬਾਜ਼ਾਰ ’ਚ ਆਪਣੀ ਸਥਿਤੀ ਮਜ਼ਬੂਤ ਕਰੇਗੀ ਐੱਲ ਆਈ ਸੀ: ਦੁਰਈਸਵਾਮੀ

ਨਵੀਂ ਦਿੱਲੀ; ਜੀਵਨ ਬੀਮਾ ਖੇਤਰ ਵਿੱਚ ਮੁਕਾਬਲਾ ਵਧਣ ਦੇ ਬਾਵਜੂਦ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਆਪਣੀ ਮਾਰਕੀਟ ਲੀਡਰਸ਼ਿਪ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਹ ਦਾਅਵਾ ਐੱਲ ਆਈ ਸੀ ਦੇ ਸੀ ਈ ਓ ਅਤੇ ਐੱਮ ਡੀ, ਆਰ ਦੁਰਈਸਵਾਮੀ ਨੇ ਕੀਤਾ।

ਉਨ੍ਹਾਂ ਕਿਹਾ ਕਿ ਜੀਵਨ ਬੀਮਾ ਖੇਤਰ ਵਿੱਚ ਐੱਲ ਆਈ ਸੀ ਦੀ ਲਗਪਗ 60 ਫੀਸਦੀ ਹਿੱਸੇਦਾਰੀ ਹੈ ਅਤੇ ਉਹ 57 ਲੱਖ ਕਰੋੜ ਰੁਪਏ ਤੋਂ ਵੱਧ ਦੇ ਅਸਾਸਿਆਂ ਦਾ ਪ੍ਰਬੰਧਨ ਕਰਦੀ ਹੈ। ਇਸ ਦੀਆਂ ਰੀਅਲ ਐਸਟੇਟ ਜਾਇਦਾਦਾਂ ਦੀ ਕੀਮਤ ਵੀ ਕਰੀਬ 60,000 ਕਰੋੜ ਰੁਪਏ ਹੈ। ਉਨ੍ਹਾਂ ਕਿਹਾ, ‘‘1956 ਵਿੱਚ ਐੱਲ ਆਈ ਸੀ ਦੀ ਸਥਾਪਨਾ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਯਾਤਰਾ ਮੁਲਕ ਦੇ ਵਿਕਾਸ ਨਾਲ ਜੁੜੀ ਰਹੀ ਹੈ ਤੇ ਅਸੀਂ ਭਵਿੱਖ ਵਿੱਚ ਵੀ ਮੁਲਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧ ਹਾਂ।’’ ਉਨ੍ਹਾਂ ਕਿਹਾ ਕਿ ਐੱਲ ਆਈ ਸੀ ਨੇ ਪਿਛਲੇ 70 ਸਾਲਾਂ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਭਵਿੱਖ ਵਿੱਚ ਵੀ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਐੱਲ ਆਈ ਸੀ ਆਪਣੀਆਂ ਡਿਜੀਟਲ ਲੋੜਾਂ ਨੂੰ ਪੂਰਾ ਕਰਨ ਲਈ ਫਿਨਟੈੱਕ ਕੰਪਨੀ ਬਣਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੀ ਹੈ।

Share: