ਜੀ7 ਸੰਮੇਲਨ ਦੇ ਵਿਰੋਧ ਲਈ ਜਨੇਵਾ ’ਚ ਹਜ਼ਾਰਾਂ ਲੋਕ ਇਕੱਤਰ

ਜੀ7 ਸੰਮੇਲਨ ਦੇ ਵਿਰੋਧ ਲਈ ਜਨੇਵਾ ’ਚ ਹਜ਼ਾਰਾਂ ਲੋਕ ਇਕੱਤਰ

ਜਨੇਵਾ : ਜਨੇਵਾ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਜੀ7 ਸਿਖਰ ਸੰਮੇਲਨ ਖਿਲਾਫ਼ ਰੋਸ ਜਤਾਉਣ ਲਈ ਹਜ਼ਾਰਾਂ ਲੋਕ ਇਕੱਤਰ ਹੋਏ। ਪ੍ਰਦਰਸ਼ਨਕਾਰੀਆਂ ਵਿੱਚ ਵਾਤਾਵਰਨ ਕਾਰਕੁਨ, ਨਾਰੀਵਾਦੀ, ਪੂੰਜੀਵਾਦ ਦੇ ਵਿਰੋਧੀ, ਫ਼ਲਸਤੀਨੀ ਹੱਕਾਂ ਦੇ ਹਮਾਇਤੀ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਸੋਮਵਾਰ ਤੋਂ ਸ਼ੁਰੂ ਹੋ ਰਹੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੇ ਪ੍ਰਦਰਸ਼ਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਾਊਨਟਾਊਨ ਵਿਚਲੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਆਪੋ-ਆਪਣੀਆਂ ਦੁਕਾਨਾਂ ਅੱਗੇ ਲੱਕੜ ਦੇ ਪੈਨਲ ਲਗਾਏ ਹਨ। ਕਾਰੋਬਾਰੀ ਤੇ ਸਥਾਨਕ ਆਗੂ 2003 ਵਿੱਚ ਜੀ8 ਸੰਮੇਲਨ ਮੌਕੇ ਸਟੋਰਾਂ ਦੀ ਭੰਨਤੋੜ ਵਾਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੁਹਰਾਓ ਤੋਂ ਫਿਕਰਮੰਦ ਹਨ। ਉਦੋਂ ਰੂਸ ਵੀ ਜੀ8 ਦਾ ਹਿੱਸਾ ਸੀ।ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਫਰੈਂਚ ਤੇ ਸਵਿਸ ਅਥਾਰਿਟੀਜ਼ ਨੇ ਸੁਰੱਖਿਆ ਦੇ ਪੁਖਤਾ ਉਪਰਾਲੇ ਕੀਤੇ ਹਨ। 15 ਜੂਨ ਤੋਂ ਸ਼ੁਰੂ ਹੋਣ ਵਾਲੀ ਵਾਰਤਾ ਐਤਕੀਂ ਜਨੇਵਾ ਝੀਲ ਕੰਢੇ ਵਸੇ ਫਰਾਂਸ ਦੇ ਐਵੀਅਨ-ਲੇਸ-ਬੈਂਸ ਸ਼ਹਿਰ ਵਿੱਚ ਹੋ ਰਹੀ ਹੈ। ਸੰਮੇਲਨ ਦੌਰਾਨ ਮੱਧ ਪੂਰਬ, ਯੂਕਰੇਨ ਤੇ ਆਲਮੀ ਆਰਥਿਕ ਅਸੰਤੁਲਨ ਉੱਤੇ ਚਰਚਾ ਹੋਵੇਗੀ।

ਸ਼ਨਿੱਚਰਵਾਰ ਨੂੰ ਐਵੀਅਨ ਦੇ ਤੱਟ ਤੋਂ ਦੂਰ ਜਨੇਵਾ ਝੀਲ ਉੱਤੇ ਕਰੀਬ 20 ਕਿਸ਼ਤੀਆਂ ਦਾ ਬੇੜਾ ਦਿਖਾਈ ਦਿੱਤਾ, ਜਿਸ ਵਿੱਚ ਜੀ7 ਵਿਰੋਧੀ ਅਤੇ ਫ਼ਲਸਤੀਨ ਪੱਖੀ ਬੈਨਰ ਸਨ। ਸਵਿਸ ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਸ਼ਾਮੀਂ ਕਰੀਬ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਸਰਕਾਰੀ ਬਰਾਡਕਾਸਟਰ ਆਰ ਟੀ ਐੱਸ ਦੀ ਰਿਪੋਰਟ ਅਨੁਸਾਰ 100 ਤੋਂ 150 ਦੇ ਵਿਚਕਾਰ ਲੋਕਾਂ ਨੇ ਜਨੇਵਾ ਵਿੱਚ ਸਾਈਕਲ ਮਾਰਚ ਰਾਹੀਂ ਰੋਸ ਜਤਾਇਆ। ਉਨ੍ਹਾਂ ਜੀ7 ਵਿਰੋਧੀ ਅਤੇ ਫਲਸਤੀਨ ਪੱਖੀ ਨਾਅਰੇ ਲਗਾਏ। ਉੱਧਰ, ਸਵਿਸ ਸਰਕਾਰ ਨੇ ਕਿਹਾ ਕਿ ਉਹ ਸਿਖਰ ਸੰਮੇਲਨ ਦੌਰਾਨ ਪੁਲੀਸ ਦੀ ਮਦਦ ਲਈ 4000 ਜਵਾਨਾਂ ਦਾ ਅਮਲਾ ਤਾਇਨਾਤ ਕਰੇਗੀ। ਇਹਤਿਆਤ ਵਜੋਂ ਜਨੇਵਾ ਝੀਲ ’ਤੇ ਗਸ਼ਤ ਵਧਾ ਦਿੱਤੀ ਗਈ ਹੈ ਜਦੋਂਕਿ ਹਵਾਈ ਖੇਤਰ ਤੇ ਸੜਕੀ ਰੂਟ ’ਤੇ ਪਾਬੰਦੀਆਂ ਆਇਦ ਰਹਿਣਗੀਆਂ। ਫਰਾਂਸ ਨੇ ਸੰਮੇਲਨ ਵਾਲੇ ਖੇਤਰ ਵਿੱਚ ਸੁਰੱਖਿਆ ਲਈ 13000 ਤੋਂ ਵੱਧ ਪੁਲੀਸ ਮੁਲਾਜ਼ਮ ਤੇ ਹੋਰ ਅਮਲਾ ਤਾਇਨਾਤ ਕੀਤਾ ਹੈ।

Share: