ਅੰਤਾਲਿਆ : ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਵਿਸ਼ਵ ਪੱਧਰ ’ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਗੇੜ ਵਿੱਚ ਓਲੰਪੀਅਨ ਧੀਰਜ ਬੋਮਾਦੇਵਰਾ ਅਤੇ ਕੁਮਕੁਮ ਮੋਹੋਦ ਨੇ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ ਫਾਈਨਲ ਵਿੱਚ ਕਿਮ ਜੇ ਦਿਓਕ ਅਤੇ ਓਹ ਯੇ ਜਿਨ ਨੂੰ 5-1 (37-36, 37-36, 39-39) ਨਾਲ ਹਰਾਇਆ। ਉਨ੍ਹਾਂ ਨੇ ਦੁਨੀਆ ਦੀਆਂ ਸਭ ਤੋਂ ਸਫਲ ਜੋੜੀਆਂ ਵਿੱਚੋਂ ਇੱਕ ਖ਼ਿਲਾਫ਼ ਗਜ਼ਬ ਦਾ ਸੰਜਮ ਅਤੇ ਜਜ਼ਬਾ ਦਿਖਾਇਆ।ਕੁਮਕੁਮ (17) ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਟੀਮ ਦੀ ਬਜਾਏ ਆਪਣੇ ਪ੍ਰਦਰਸ਼ਨ ’ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ, ‘‘ਮੈਨੂੰ ਖੁਦ ’ਤੇ ਪੂਰਾ ਭਰੋਸਾ ਸੀ। ਮੈਂ ਇਸ ਬਾਰੇ ਨਹੀਂ ਸੋਚਿਆ ਕਿ ਮੇਰੇ ਸਾਹਮਣੇ ਕੌਣ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸ਼ੰਘਾਈ ਦੇ ਮੁਕਾਬਲੇ ਅੱਜ ਬਿਹਤਰ ਨਿਸ਼ਾਨੇ ਲਾਏ।’’ ਇਹ ਦੋ ਮਹੀਨਿਆਂ ਵਿੱਚ ਦੱਖਣੀ ਕੋਰੀਆ ’ਤੇ ਭਾਰਤ ਦੀ ਦੂਜੀ ਜਿੱਤ ਹੈ, ਜਿਸ ਨੇ ਤਿੰਨ ਮਹੀਨਿਆਂ ਬਾਅਦ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਰਿਕਰਵ ਟੀਮ ਦਾ ਮਨੋਬਲ ਵਧਾ ਦਿੱਤਾ ਹੈ।
ਪਿਛਲੇ ਮਹੀਨੇ ਸ਼ੰਘਾਈ ਵਿਸ਼ਵ ਕੱਪ ਵਿੱਚ ਦੀਪਿਕਾ ਕੁਮਾਰੀ, ਕੁਮਕੁਮ ਅਤੇ ਅੰਕਿਤਾ ਭਕਤ ਦੀ ਮਹਿਲਾ ਤਿਕੜੀ ਨੇ ਸੈਮੀਫਾਈਨਲ ਵਿੱਚ ਰਿਕਾਰਡ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਖ਼ਿਲਾਫ਼ ਉਲਟਫੇਰ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ। ਧੀਰਜ (24) ਅਤੇ ਕੁਮਕੁਮ ’ਤੇ ਕੋਰਿਆਈ ਟੀਮ ਵਿਰੁੱਧ ਖੇਡਣ ਦਾ ਕੋਈ ਦਬਾਅ ਨਜ਼ਰ ਨਹੀਂ ਆਇਆ। ਕੋਰਿਆਈ ਟੀਮ ਵਿੱਚ ਕਿਮ ਸ਼ਾਮਲ ਸੀ, ਜੋ ਟੋਕੀਓ ਓਲੰਪਿਕ ਵਿੱਚ ਮਿਕਸਡ ਟੀਮ ਦੇ ਸੋਨ ਤਗ਼ਮਾ ਜੇਤੂ ਰਹਿਣ ਤੋਂ ਇਲਾਵਾ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੱਖਣੀ ਕੋਰਿਆਈ ਪੁਰਸ਼ ਟੀਮ ਦਾ ਹਿੱਸਾ ਵੀ ਰਿਹਾ ਹੈ।

