ਬਠਿੰਡਾ : ਸੀਮਤ ਸਾਧਨਾਂ ਅਤੇ ਆਰਥਿਕ ਤੰਗੀਆਂ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਚਾਰ ਵਿਦਿਆਰਥੀਆਂ ਨੇ ਜੇ ਈ ਈ ਐਡਵਾਂਸਡ- 2026 ਪ੍ਰੀਖਿਆ ਪਾਸ ਕਰ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਇਸ ਸਫ਼ਲਤਾ ਨਾਲ ਉਨ੍ਹਾਂ ਲਈ ਆਈ ਆਈ ਟੀ, ਐੱਨ ਆਈ ਟੀ ਅਤੇ ਹੋਰ ਪ੍ਰਮੁੱਖ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖ਼ਲੇ ਦੇ ਰਾਹ ਖੁੱਲ੍ਹ ਗਏ ਹਨ। ਇਨ੍ਹਾਂ ਸਫ਼ਲ ਵਿਦਿਆਰਥੀਆਂ ਵਿੱਚ ਅਨਮੋਲਪ੍ਰੀਤ ਸਿੰਘ (ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕੂਲ, ਪਰਸ ਰਾਮ ਨਗਰ), ਅਭੈ ਸਾਮਾ ਅਤੇ ਕਿਸ਼ਨਾ ਬਾਈ (ਮੈਰੀਟੋਰੀਅਸ ਸਕੂਲ, ਬਠਿੰਡਾ) ਅਤੇ ਪ੍ਰਭਜੋਤ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਚੋ ਮੰਡੀ) ਦੇ ਨਾਂ ਸ਼ਾਮਲ ਹਨ। ਇਨ੍ਹਾਂ ਦੀ ਵੱਡੀ ਸਫ਼ਲਤਾ ਪਿੱਛੇ ਐੱਚ ਐੱਮ ਈ ਐੱਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਸੀ ਐੱਸ ਆਰ ਐੱਲ, ਦਿੱਲੀ ਵੱਲੋਂ ਚਲਾਇਆ ਜਾ ਰਿਹਾ ‘ਨੈਸ਼ਨਲ ਸੁਪਰ 100’ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਤਹਿਤ ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ 11 ਮਹੀਨਿਆਂ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ, ਭੋਜਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਫਾਜ਼ਿਲਕਾ ਦੇ ਅਭੈ ਸਾਮਾ ਨੇ ਪਰਿਵਾਰਕ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਇਹ ਪ੍ਰੀਖਿਆ ਪਾਸ ਕੀਤੀ, ਜਦਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਪ੍ਰਭਜੋਤ ਸਿੰਘ ਨੇ ਵੀ ਸਖ਼ਤ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ। ਅਨਮੋਲਪ੍ਰੀਤ ਸਿੰਘ ਨੂੰ ਸੁਪਰ 100 ਪ੍ਰੋਗਰਾਮ ਰਾਹੀਂ ਮਿਲੀ ਮਾਹਿਰ ਰਹਿਨੁਮਾਈ ਨੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ।
Posted inBathinda
