Political clash: ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਮਾਹੌਲ ਤਣਾਅਪੂਰਨ

Political clash: ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਮਾਹੌਲ ਤਣਾਅਪੂਰਨ

ਮਾਨਸਾ: ਇੱਥੇ ਅੱਜ ਐੱਸ ਡੀ ਐੱਮ ਦਫ਼ਤਰ ਦੇ ਬਾਹਰ ਭੜਕੇ ਲੋਕਾਂ ਨੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਦੀ ਖਿੱਚ-ਧੂਹ ਕੀਤੀ ਗਈ। ਇਸ ਹੱਥੋਪਾਈ ਦੌਰਾਨ ਵਿਧਾਇਕ ਦੇ ਗੰਨਮੈਨਾਂ ਅਤੇ ਮਾਨਸਾ ਪੁਲੀਸ ਦੇ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦਿਆਂ ਉਨ੍ਹਾਂ ਨੂੰ ਭੀੜ ’ਚੋਂ ਸੁਰੱਖਿਅਤ ਕੱਢ ਕੇ ਗੱਡੀ ਤੱਕ ਪਹੁੰਚਾਇਆ। ਵਿਧਾਇਕ ਦੇ ਜਾਣ ਮਗਰੋਂ ਵੀ ਗੁੱਸੇ ਵਿੱਚ ਆਏ ਲੋਕ ਲੰਮਾ ਸਮਾਂ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।

ਸਥਿਤੀ ਉਸ ਵੇਲੇ ਨਾਜ਼ੁਕ ਹੋ ਗਈ, ਜਦੋਂ ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਵਾਰਡ ਨੰਬਰ 18 ਤੋਂ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ਨੇ ਵਿਧਾਇਕ ਉੱਪਰ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਲਾਏ। ਇਸ ਤੋਂ ਬਾਅਦ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਸਮਰਥਕਾਂ ਨੇ ਐੱਸ ਡੀ ਐੱਮ ਦਫ਼ਤਰ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉੱਥੋਂ ਲੰਘ ਰਹੇ ਵਿਧਾਇਕ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਮਾਮਲਾ ਵਿਗੜਦਾ ਦੇਖ ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਹਾਲਾਤ ਕਾਬੂ ਹੇਠ ਕੀਤੇ।  ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੇ ਡਰੋਂ ਲੋਕਾਂ ਨੂੰ ਦਫ਼ਤਰ ਪੁੱਜਣ ਦਾ ਸੱਦਾ ਦਿੱਤਾ। ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਅਕਾਲੀ ਆਗੂ ਪ੍ਰੇਮ ਅਰੋੜਾ, ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਸਮੇਤ ਕਈ ਆਗੂਆਂ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਲੋਕਤੰਤਰ ਦੇ ਘਾਣ ਦੇ ਦੋਸ਼ ਲਾਏ।ਅਰਪਿਤ ਚੌਧਰੀ ਸਮੇਤ ਸਾਰਿਆਂ ਦੇ ਕਾਗਜ਼ ਸਹੀ ਪਾਏ ਜਾਣ ਦੀ ਪ੍ਰਸ਼ਾਸਨਿਕ ਪੁਸ਼ਟੀ ਹੋਣ ਮਗਰੋਂ ਮਾਮਲਾ ਸ਼ਾਂਤ ਹੋਇਆ। ਇਸ ਤੋਂ ਪਹਿਲਾਂ ਵਿਰੋਧੀ ਆਗੂਆਂ ਨੇ ਅਧਿਕਾਰੀਆਂ ਨੂੰ ਨਾਮਜ਼ਦਗੀਆਂ ਰੱਦ ਨਾ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਦੂਜੇ ਪਾਸੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੋਸ਼ ਖ਼ਾਰਜ ਕਰਦਿਆਂ ਕਿਹਾ ਕਿ ਕਾਗਜ਼ਾਂ ਦੀ ਪੜਤਾਲ ਪ੍ਰਸ਼ਾਸਨ ਦਾ ਕੰਮ ਹੈ। ਇਸ ਵਿੱਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂ ਆਪਣੀ ਆਦਤ ਮੁਤਾਬਕ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Share: