ਕੋਲਕਾਤਾ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਥਿਤ ‘ਸੋਨਾ ਪੱਪੂ ਵੱਲੋਂ ਜ਼ਮੀਨ ਹੜੱਪਣ ਅਤੇ ਧੋਖਾਧੜੀ’ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ, ਕੋਲਕਾਤਾ ਪੁਲੀਸ ਦੇ ਸਾਬਕਾ ਡੀ ਸੀ ਪੀ ਸ਼ਾਂਤਨੂ ਸਿਨਹਾ ਬਿਸਵਾਸ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸਥਿਤ ਇੱਕ ਆਲੀਸ਼ਾਨ ਬੰਗਲੇ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਈ ਡੀ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਮੁਰਸ਼ਿਦਾਬਾਦ ਦੇ ਕਾਂਦੀ ਕਸਬੇ ਵਿੱਚ ਬਿਸਵਾਸ ਦੀ ਜੱਦੀ ਜਾਇਦਾਦ ਦੇ ਤਾਲੇ ਤੋੜ ਕੇ ਤਲਾਸ਼ੀ ਲਈ, ਕਿਉਂਕਿ ਕਥਿਤ ਤੌਰ ’ਤੇ ਕਈ ਘੰਟਿਆਂ ਤੱਕ ਘਰ ਦੀਆਂ ਚਾਬੀਆਂ ਨਹੀਂ ਮਿਲੀਆਂ ਸਨ। ਇਸ ਦੇ ਨਾਲ ਹੀ ਕੋਲਕਾਤਾ ਵਿੱਚ ਵੀ ਇੱਕ ਸਬ ਇੰਸਪੈਕਟਰ ਦੀ ਰਿਹਾਇਸ਼ ਅਤੇ ਚੱਕਰਬੇਰੀਆ ਵਿੱਚ ਸਥਿਤ ਕਾਰੋਬਾਰੀ ਅਤੁਲ ਕਟਾਰੀਆ ਦੇ ਘਰ ਸਣੇ ਕਈ ਥਾਵਾਂ ’ਤੇ ਛਾਪੇ ਮਾਰੇ ਗਏ।ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਜਾਂਚਕਾਰਾਂ ਨੇ ਦੋ ਕਿਲੋ ਤੋਂ ਵੱਧ ਸੋਨਾ ਜਿਸ ਦੀ ਕੀਮਤ ਲਗਪਗ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ, ਵੱਡੀ ਮਾਤਰਾ ਵਿੱਚ ਨਕਦੀ ਅਤੇ ਜਾਇਦਾਦ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਈ ਡੀ ਇਸ ਮਾਮਲੇ ਨਾਲ ਜੁੜੇ ਗ਼ੈਰ-ਕਾਨੂੰਨੀ ਜ਼ਮੀਨ ਕਬਜ਼ਿਆਂ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਬਿਸਵਾਸ ਦੇ ਮੁੱਖ ਮੁਲਜ਼ਮ ਸੋਨਾ ਪੱਪੂ ਨਾਲ ਕਥਿਤ ਸਬੰਧ ਵੀ ਸਾਹਮਣੇ ਆਏ ਹਨ।
ਈਡੀ ਅਧਿਕਾਰੀ ਨੇ ਦੱਸਿਆ ਕਿ ਨਗਰ ਪਾਲਿਕਾ ਖੇਤਰ ਦੇ ਵਾਰਡ ਨੰਬਰ 8 ਵਿੱਚ ਸਥਿਤ ਕਾਂਦੀ ਵਿੱਚ ਸਾਬਕਾ ਪੁਲੀਸ ਅਧਿਕਾਰੀ ਦਾ ਜੱਦੀ ਘਰ ਕੁਝ ਸਾਲ ਪਹਿਲਾਂ ਤੱਕ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ, ਜਿਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਬੇਹੱਦ ਆਲੀਸ਼ਾਨ ਇਮਾਰਤ ’ਚ ਬਦਲ ਦਿੱਤਾ ਗਿਆ। ਜਾਂਚਕਾਰਾਂ ਨੂੰ ਸ਼ੱਕ ਹੈ ਕਿ ਇਸ ਘਰ ਦੀ ਦੇਖਭਾਲ ਅਤੇ ਇਸ ਨੂੰ ਆਲੀਸ਼ਾਨ ਬਣਾਉਣ ਲਈ ਸੋਨਾ ਪੱਪੂ ਵੱਲੋਂ ਕਥਿਤ ਤੌਰ ’ਤੇ ਦਿੱਤੀ ਗਈ ਮੋਟੀ ਰਕਮ ਦੀ ਵਰਤੋਂ ਕੀਤੀ ਗਈ ਹੈ। ਕਾਂਦੀ ਦੇ ਬਲਾਕ ਭੂਮੀ ਅਤੇ ਭੂਮੀ ਸੁਧਾਰ ਅਧਿਕਾਰੀ ਨੇ ਦੱਸਿਆ ਕਿ ਲਗਪਗ ਅੱਧਾ ਏਕੜ ਜ਼ਮੀਨ ਬਿਸਵਾਸ ਦੇ ਨਾਮ ’ਤੇ ਰਜਿਸਟਰਡ ਹੈ।

