ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਕੌਮਾਂਤਰੀ ਭਾਈਵਾਲੀਆਂ ਮੁਲਕ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਉਚੇਚੇ ਤੌਰ ’ਤੇ ਧਿਆਨ ’ਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀ ਭਾਰਤੀ ਨੌਜਵਾਨਾਂ ਦੇ ਹੁਨਰ ਅਤੇ ਤਕਨੀਕੀ ਤਰੱਕੀ ਦੀ ਲਗਾਤਾਰ ਸ਼ਲਾਘਾ ਕਰ ਰਹੇ ਹਨ।
‘ਰੁਜ਼ਗਾਰ ਮੇਲੇ’ ਦੌਰਾਨ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਂਦੇ ਸਾਲਾਂ ਵਿੱਚ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ, ‘‘ਅੱਜ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨਾ ਚਾਹੁੰਦੀ ਹੈ।’’ ਆਪਣੇ ਹਾਲੀਆ ਪੰਜ ਮੁਲਕਾਂ ਦੇ ਦੌਰੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ ਦਾ ਮੁੱਖ ਉਦੇਸ਼ ਭਾਰਤੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਉਣਾ ਹੈ। ਉਨ੍ਹਾਂ ਵੱਖ-ਵੱਖ ਮੁਲਕਾਂ ਨਾਲ ਹੋਏ ਅਹਿਮ ਸਮਝੌਤਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਨੈਦਰਲੈਂਡਜ਼ ਨਾਲ ਸੈਮੀਕੰਡਕਟਰ, ਪਾਣੀ, ਖੇਤੀਬਾੜੀ ਅਤੇ ਅਤਿ ਆਧੁਨਿਕ ਮੈਨੂਫੈਕਚਰਿੰਗ ਬਾਰੇ ਚਰਚਾ ਹੋਈ ਹੈ। ਸਵੀਡਨ ਨਾਲ ਮਸਨੂਈ ਬੌਧਿਕਤਾ ਅਤੇ ਡਿਜੀਟਲ ਇੰਨੋਵੇਸ਼ਨ ਵਿੱਚ ਸਹਿਯੋਗ, ਨਾਰਵੇ ਨਾਲ ਗਰੀਨ ਤਕਨਾਲੋਜੀ ਅਤੇ ਸਮੁੰਦਰੀ ਸਹਿਯੋਗ, ਯੂ ਏ ਈ ਨਾਲ ਰਣਨੀਤਕ ਊਰਜਾ ਅਤੇ ਤਕਨਾਲੋਜੀ ਭਾਈਵਾਲੀ ਦੇ ਸਮਝੌਤੇ ਹੋਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਟਲੀ ਨਾਲ ਰੱਖਿਆ, ਅਹਿਮ ਖਣਿਜਾਂ ਅਤੇ ਵਿਗਿਆਨ-ਤਕਨਾਲੋਜੀ ਖੇਤਰ ਵਿੱਚ ਸਮਝੌਤੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਖੇਤਰ ਹਨ ਜੋ ਆਉਣ ਵਾਲੇ 25 ਸਾਲਾਂ ਵਿੱਚ ਵਿਸ਼ਵ ਵਿਕਾਸ ਦੀ ਦਿਸ਼ਾ ਤੈਅ ਕਰਨਗੇ।
