America ਤੇ Gulf Allies ਨੇ UN ’ਚ ਮਤਾ ਰੱਖਿਆ

America ਤੇ Gulf Allies ਨੇ UN ’ਚ ਮਤਾ ਰੱਖਿਆ

ਸੰਯੁਕਤ ਰਾਸ਼ਟਰ: ਅਮਰੀਕਾ ਤੇ ਇਸ ਦੇ ਖਾੜੀ ਭਾਈਵਾਲਾਂ ਨੇ ਸੰਯੁਕਤ ਰਾਸ਼ਟਰ ਵਿੱਚ ਮਤਾ ਪੇਸ਼ ਕੀਤਾ ਹੈ, ਜਿਸ ਵਿੱਚ ਇਰਾਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਹਰਮੁਜ਼ ਜਲ ਮਾਰਗ ਵਿੱਚ ਬੇੜਿਆਂ ’ਤੇ ਹਮਲੇ ਬੰਦ ਨਹੀਂ ਕਰਦਾ, ਰਾਹਦਾਰੀ ਵਜੋਂ ‘ਗ਼ੈਰ-ਕਾਨੂੰਨੀ ਟੌਲ’ ਵਸੂਲੀ ’ਤੇ ਰੋਕ ਨਹੀਂ ਲਾਉਂਦਾ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਲਈ ਸਮੁੰਦਰ ਵਿੱਚ ਵਿਛਾਈਆਂ ਬਾਰੂਦੀ ਸੁਰੰਗਾਂ ਦੀ ਸਥਿਤੀ ਬਾਰੇ ਨਹੀਂ ਦੱਸਦਾ, ਤਾਂ ਇਸਲਾਮੀ ਗਣਰਾਜ ਨੂੰ ਪਾਬੰਦੀਆਂ ਜਾਂ ਹੋਰ ਉਪਰਾਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਖ਼ਬਰ ਏਜੰਸੀ ਨੂੰ ਮਿਲੇ ਮਤੇ ਦੇ ਖਰੜੇ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ ਇਰਾਨ ਜਲ ਮਾਰਗ ਵਿੱਚ ਜ਼ਰੂਰੀ ਮਦਦ, ਖਾਦ ਤੇ ਹੋਰ ਸਾਮਾਨ ਦੀ ਰਸਾਈ ਯਕੀਨੀ ਬਣਾਉਣ ਲਈ ਮਨੁੱਖੀ ਲਾਂਘਾ ਸਥਾਪਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ਵਿੱਚ ‘ਫ਼ੌਰੀ ਸ਼ਾਮਲ ਹੋਵੇ ਤੇ ਕਾਰਜ ਨੂੰ ਸੰਭਵ ਬਣਾਏ।’ ਇਹ ਅਮਰੀਕਾ ਤੇ ਇਸ ਦੇ ਖਾੜੀ ਭਾਈਵਾਲਾਂ ਵੱਲੋਂ ਸਫ਼ਾਰਤੀ ਪੱਧਰ ’ਤੇ ਕੀਤੀਆਂ ਸੱਜਰੀਆਂ ਕੋਸ਼ਿਸ਼ਾਂ ਹਨ। ਇਸ ਤੋਂ ਪਹਿਲਾਂ ਅਪਰੈਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਤੇ ਤਹਿਰਾਨ ਵੱਲੋਂ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਚੀਨ ਅਤੇ ਰੂਸ ਨੇ ਜਲ ਮਾਰਗ ਨੂੰ ਖੋਲ੍ਹਣ ਦੇ ਮੰਤਵ ਨਾਲ ਲਿਆਂਦੇ ਕਮਜ਼ੋਰ ਮਤੇ ਨੂੰ ਵੀਟੋ ਕਰ ਦਿੱਤਾ ਸੀ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੰਗਲਵਾਰ ਨੂੰ ਬਿਆਨ ਵਿੱਚ ਦੋਸ਼ ਲਗਾਇਆ ਇਰਾਨ ਨੇ ਜਲ ਮਾਰਗ ਬੰਦ ਕਰ ਕੇ, ਜਹਾਜ਼ਾਂ ’ਤੇ ਹਮਲੇ ਦੀ ਧਮਕੀ, ਬਾਰੂਦੀ ਸੁਰੰਗਾਂ ਵਿਛਾ ਕੇ ਅਤੇ ਰਾਹਦਾਰੀ ਲਈ ਟੌਲ ਵਸੂਲਣ ਦੀ ਕੋਸ਼ਿਸ਼ ਕਰ ਕੇ ‘ਆਲਮੀ ਅਰਥਚਾਰੇ ਨੂੰ ਬੰਧਕ ਬਣਾਇਆ’ ਹੋਇਆ ਹੈ। ਰੂਬੀਓ ਨੇ ਕਿਹਾ ਕਿ ਉਪਰੋਕਤ ਮਤੇ ਬਾਰੇ ਹੋਣ ਵਾਲੀ ਵੋਟਿੰਗ ਉੱਤੇ ਉਨ੍ਹਾਂ ਦੀ ਨਜ਼ਰ ਰਹੇਗੀ। ਮਤੇ ਦੀ ਸਫਲਤਾ ਯੂ ਐੱਨ ਲਈ ‘ਅਸਲ ਅਜ਼ਮਾਇਸ਼’ ਰਹੇਗੀ।

ਟਰੰਪ ਵੱਲੋਂ ਇਰਾਨ ’ਤੇ ਬੰਬਾਰੀ ਦੀ ਧਮਕੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਇਰਾਨ ਨੂੰ ਮੁੜ ਧਮਕਾਇਆ ਕਿ ਜੇ ਉਸ ਨੇ ਹਰਮੁਜ਼ ਜਲ ਮਾਰਗ ਨਾ ਖੋਲ੍ਹਿਆ ਤਾਂ ਉਹ ਤਹਿਰਾਨ ’ਤੇ ਬੰਬਾਰੀ ਕਰਨਗੇ। ਟਰੰਪ ਨੇ ਇਹ ਧਮਕੀ ਅਜਿਹੇ ਮੌਕੇ ਦਿੱਤੀ ਹੈ ਜਦੋਂ ਦੋਵੇਂ ਧਿਰਾਂ ਜੰਗ ਦੇ ਖ਼ਾਤਮੇ ਲਈ ਸਮਝੌਤਾ ਸਿਰੇ ਚਾੜ੍ਹਨ ਦੇ ਕਰੀਬ ਹਨ। ਅਮਰੀਕੀ ਮੀਡੀਆ ਆਊਟਲੈੱਟ ਐਕਸਿਓਜ਼ ਨੇ ਅਮਰੀਕੀ ਅਧਿਕਾਰੀਆਂ ਤੇ ਦੋ ਹੋਰਨਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਤੇ ਇਰਾਨ ਜੰਗ ਦੇ ਖ਼ਾਤਮੇ ਅਤੇ ਵਿਆਪਕ ਪਰਮਾਣੂ ਗੱਲਬਾਤ ਲਈ ਖਰੜਾ ਤਿਆਰ ਕਰਨ ਵਾਸਤੇ ਇਕ ਸਫ਼ੇ ਦੇ ਐੱਮ ਓ ਯੂ ਉੱਤੇ ਆਪਸੀ ਸਹਿਮਤੀ ਦੇ ਬਹੁਤ ਕਰੀਬ ਹਨ। ਐਕਸਿਓਸ ਦੀ ਰਿਪੋਰਟ ਮੁਤਾਬਕ ਅਮਰੀਕਾ ਨੂੰ ਅਗਲੇ 48 ਘੰਟਿਆਂ ਵਿੱਚ ਕਈ ਅਹਿਮ ਨੁਕਤਿਆਂ ਬਾਰੇ ਇਰਾਨ ਦੇ ਜਵਾਬ ਦੀ ਉਡੀਕ ਹੈ। ਰਿਪੋਰਟ ਵਿੱਚ ਹਾਲਾਂਕਿ ਸਪਸ਼ਟ ਕੀਤਾ ਗਿਆ ਹੈ ਹਾਲ ਦੀ ਘੜੀ ਦੋਵਾਂ ਧਿਰਾਂ ’ਚ ਕੋਈ ਸਹਿਮਤੀ ਨਹੀਂ ਬਣੀ।

ਅਮਰੀਕਾ ਨੇ ‘ਪ੍ਰਾਜੈਕਟ ਫਰੀਡਮ’ ਉੱਤੇ ਆਰਜ਼ੀ ਰੋਕ ਲਾਈ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ’ਚੋਂ ਬੇੜਿਆਂ ਨੂੰ ਸੁਰੱਖਿਅਤ ਕੱਢਣ ਲਈ ਸ਼ੁਰੂ ਕੀਤੇ ‘ਪ੍ਰਾਜੈਕਟ ਫਰੀਡਮ’ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੰਗ ਦੇ ਖ਼ਾਤਮੇ ਲਈ ਇਰਾਨ ਨਾਲ ਜਾਰੀ ਗੱਲਬਾਤ ਅੱਗੇ ਵਧੀ ਹੈ। ਟਰੰਪ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘ਇਰਾਨ ਦੇ ਨੁਮਾਇੰਦਿਆਂ ਨਾਲ ਮੁਕੰਮਲ ਤੇ ਆਖ਼ਰੀ ਸਮਝੌਤੇ ਲਈ ਗੱਲਬਾਤ ਅੱਗੇ ਵਧੀ ਹੈ। ਪਾਕਿਸਤਾਨ ਤੇ ਹੋਰਨਾਂ ਮੁਲਕਾਂ ਦੀ ਅਪੀਲ ਉੱਤੇ ਪ੍ਰਾਜੈਕਟ ਫਰੀਡਮ ਨੂੰ ਮੁਅੱਤਲ ਕਰਨ ਬਾਰੇ ਆਪਸੀ ਸਹਿਮਤੀ ਬਣੀ ਹੈ। ਨਾਕਾਬੰਦੀ ਪਹਿਲਾਂ ਵਾਂਗ ਜਾਰੀ ਰਹੇਗੀ, ਪਰ ਪ੍ਰਾਜੈਕਟ ਫਰੀਡਮ ਨੂੰ ਕੁਝ ਸਮੇਂ ਲਈ ਮੁਅੱਤਲ ਕੀਤਾ ਜਾਵੇਗਾ।’’ ਇਹ ਪ੍ਰਾਜੈਕਟ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ ਸੀ। 

Share: